ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਸਤੰਬਰ
ਸੂੂਬੇ ਵਿੱਚ ਵਿਕਾਸ ਦੇ ਨਾਮ ਉੱਤੇ ਸਰਕਾਰੀ ਖਜ਼ਾਨੇ ਦੀ ਬਰਬਾਦੀ ਦੇ ਕਿੱਸੇ ਆਮ ਹਨ। ਅਜਿਹਾ ਹੀ ਮਾਮਲਾ ਸਥਾਨਕ ਅਨਾਜ ਮੰਡੀ ’ਚ ਸਾਹਮਣੇ ਆਇਆ ਹੈ, ਜਿਥੇ ਬਹੁ ਕਰੋੜੀ ਪ੍ਰਾਜੈਕਟ ਵਿਕਾਸ ਨੂੰ ਪੁੱਠਾ ਗੇੜਾ ਪੈ ਗਿਆ ਹੈ। ਪੰਜਾਬ ਮੰਡੀਕਰਨ ਬੋਰਡ ਵੱਲੋਂ ਦੋ ਮਹੀਨੇ ਪਹਿਲਾਂ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਨਵੀਆਂ ਸੜਕਾਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੁੱਟ ਦਿੱਤੀਆਂ ਹਨ।
ਹਾਕਮ ਧਿਰ ਦੇ ਆਗੂਆਂ ਨੇ ਨਵੀਆਂ ਨਕੋਰ ਸੜਕਾਂ ਦੀ ਵਾਹ-ਵਾਹ ਖੱਟਣ ਲਈ ਖੂਬ ਪ੍ਰਚਾਰ ਕੀਤਾ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੁਣ ਨਵੀਆਂ ਬਣੀਆਂ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ। ਸੜਕ ਬਣਾਉਣ ਸਮੇਂ ਸੀਵਰੇਜ ਦੇ ਮੈਨਹੋਲਜ਼ ਦੇ ਢੱਕਣ ਸੜਕ ਹੇਠਾਂ ਦੱਬ ਦਿੱਤੇ ਗਏ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਿਭਾਗ ਦੀਆਂ ਅੱਖਾਂ ਖੁੱਲ੍ਹੀਆਂ ਹਨ। ਸੜਕਾਂ ਪੁੱਟਣ ਤੋਂ ਇਲਾਵਾ ਸੜਕ ਹੇਠਾਂ ਦੱਬੇ ਸੀਵਰੇਜ ਦੇ ਮੈਨਹੋਲਜ਼ ਵੀ ਹੁਣ ਨੰਗੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ 31 ਮਈ ਨੂੰ ਪੰਜਾਬ ਮੰਡੀਕਰਨ ਬੋਰਡ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਨਵੀਂ ਅਨਾਜ ਮੰਡੀ ਦੀਆਂ ਸੜਕਾਂ, ਲਾਈਟਾਂ ਦੇ ਪ੍ਰਾਜੈਕਟ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਸੀ। ਸੂਬੇ ’ਚ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਰਕੇ ਮੰਡੀ ਬੋਰਡ ਵੱਲੋਂ ਤੇਜ਼ੀ ਨਾਲ ਸੜਕਾਂ ਬਣਾ ਦਿੱਤੀਆਂ ਅਤੇ ਉੱਚੀਆਂ ਲਾਈਟਾਂ ਲਾ ਕੇ ਅਨਾਜ ਮੰਡੀ ਚਮਕਾ ਦਿੱਤੀ। ਸਥਾਨਕ ਮਾਰਕੀਟ ਕਮੇਟੀ ਦਫ਼ਤਰ ਕੋਲੋਂ ਜਿਹੜੀ ਮੁੱਖ ਸੜਕ ਹੁਣ ਪੁੱਟੀ ਜਾ ਰਹੀ ਹੈ, ਉਹ ਸੜਕ ਪਹਿਲਾਂ ਵੀ ਨੀਂਵੀ ਸੀ ਅਤੇ ਮੀਂਹ ਦਾ ਪਾਣੀ ਖੜ੍ਹ ਜਾਂਦਾ ਸੀ। ਸੜਕਾਂ ਬਣਾਉਣ ਸਮੇਂ ਢਕੇ ਗਏ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਲਈ ਸੜਕਾਂ ਪੁੱਟੀਆਂ ਜਾ ਰਹੀਆਂ ਹਨ। ਇਸ ਨੂੰ ਮੰਡੀਬੋਰਡ ਅਧਿਕਾਰੀਆਂ ਦੀ ਬੇਧਿਆਨੀ ਕਹੀ ਜਾਵੇ ਜਾਂ ਲਾਪ੍ਰਵਾਹੀ ਸੜਕ ਦਾ ਪੱਧਰ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਅਤੇ ਮੋਟਾ ਪੱਥਰ ਪਾ ਕੇ ਸੜਕ ਬਣਾ ਦਿੱਤੀ ਗਈ। ਹੁਣ ਮੀਂਹ ਦੇ ਪਾਣੀ ਨਾਲ ਸੜਕ ਝੀਲ ਦਾ ਰੂਪ ਧਾਰਨ ਕਰਨ ਲੱਗ ਪਈ ਅਤੇ ਮੰਡੀ ਦੇ ਵਿਕਾਸ ਕਾਰਜਾਂ ਉੱਤੇ ਖਰਚ ਕਰੋੜਾਂ ਰੁਪਏ ਉੱਤੇ ਉਂਗਲ ਉਠਣ ਲੱਗ ਪਈ ਹੈ।
ਸੀਵਰੇਜ ਦੀ ਸਮੱਸਿਆ ਕਾਰਨ ਭਰਿਆ ਪਾਣੀ: ਅਧਿਕਾਰੀ
ਪੰਜਾਬ ਮੰਡੀਕਰਨ ਬੋਰਡ ਨਿਰਮਾਣ ਵਿੰਗ ਐਕਸੀਅਨ ਜਸਵੀਰ ਸਿੰਘ ਅਤੇ ਐੱਸਡੀਓ ਜੋਗਿੰਦਰ ਸਿੰਘ ਨੇ ਕਿਹਾ ਕਿ ਕਣਕ ਦਾ ਸੀਜ਼ਨ ਹੋਣ ਕਰਕੇ ਜਲਦੀ ਸੜਕਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਕਾਰਨ ਸੜਕਾਂ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਹੁਣ ਕੰਕਰੀਟ (ਸੀਸੀ ਫ਼ਲੋਰਿੰਗ) ਸੜਕ ਬਣਾਈ ਜਾਵੇਗੀ। ਉਨ੍ਹਾਂ ਇਸ ਖਰਚ ਦੀ ਭਰਪਾਈ ਬਾਰੇ ਕਿਹਾ ਕਿ ਇਹ ਖਰਚ ਪਹਿਲਾਂ ਹੀ ਐੱਸਟੀਮੇਟ ਵਿੱਚ ਮਨਜ਼ੂਰ ਹੈ।