ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਅਕਤੂਬਰ
ਸੂਬੇ ’ਚ ਵੱਡੀ ਪੱਧਰ ਉੱਤੇ ਹੋਏ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਵਿੱਚ ਕਈ ਪੁਲੀਸ ਅਧਿਕਾਰੀਆਂ ਦਾ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਭੇਟ ਕੀਤੇ ਗਏ ਗੁਲਦਸਤਿਆਂ ਦੇ ਫੁੱਲ ਸੁੱਕਣ ਤੋਂ ਪਹਿਲਾਂ ਹੀ ਤਬਾਦਲਾ ਹੋ ਗਿਆ। ਇਨ੍ਹਾਂ ਵਿੱਚ ਮੋਗਾ ਦੇ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਤਬਾਦਲਾ ਮਹਿਜ਼ 53 ਦਿਨ ਬਾਅਦ ਹੀ ਕਰ ਦਿੱਤਾ ਗਿਆ। ਇਸ ਪੁਲੀਸ ਅਧਿਕਾਰੀ ਦੀ ਬਦਲੀ ਨਾਲ ਉਨ੍ਹਾਂ ਨਜ਼ਦੀਕੀ ਮੁਲਾਜ਼ਮਾਂ ਦੇ ਚਿਹਰੇ ਮੁਰਝਾ ਗਏ ਜਦਕਿ ਕੁਝ ਹਾਕਮ ਧਿਰ ਦੇ ਆਗੂਆਂ, ਉਨ੍ਹਾਂ ਦੇ ਸਿਆਸੀ ਅਕਾਵਾਂ, ਕੁਝ ਪੁਲੀਸ ਮੁਲਾਜ਼ਮਾਂ ਦੇ ਚਿਹਰਿਆਂ ਉੱਤੇ ਮੁਸਕਾਹਰਟ ਹੈ। ਐੱਸਐੱਸਪੀ ਨੂੰ ਰੇਤ ਦੀ ਨਾਜਾਇਜ਼ ਖਣਨ ਅਤੇ ਕਥਿਤ ਦੇਹ ਵਪਾਰ ਦਾ ਧੰਦਾ ਰੋਕਣ ਲਈ ਹੋਟਲਾਂ ’ਤੇ ਛਾਪੇ ਮਾਰਨੇ ਮਹਿੰਗੇ ਪੈ ਗਏ। ਸੂਤਰ ਦਸਦੇ ਹਨ ਕਿ ਐੱਸਐੱਸਪੀ ਨਿੰਬਾਲੇ ਵੱਲੋਂ ਦੇਹ ਵਪਾਰ ਦੇ ਧੰਦੇ ਵਿੱਚ ਇੱਕ ਸਿਆਸੀ ਆਗੂ ਅਤੇ ਇਸ ਧੰਦੇ ਲਈ ਵੱਢੀ ਲੈਣ ਵਾਲੇ ਕੁਝ ਪੁਲੀਸ ਮੁਲਾਜ਼ਮਾਂ ਅਤੇ ਰੇਤ ਦੀ ਨਾਜਾਇਜ਼ ਖਣਨ ਅਤੇ ਨਾਜਾਇਜ਼ ਸ਼ਰਾਬ ਦੇ ਫੜੇ ਗਏ ਜ਼ਖੀਰੇ ਦੇ ਮਾਮਲੇ ਵਿੱਚ ਇੱਕ ਸਿਆਸੀ ਆਗੂ ਦੇ ਨਿੱਜੀ ਸਹਾਇਕ ਤੇ ਇਕ ਸਿਆਸੀ ਆਗੂ ਦੇ ਨਜ਼ਦੀਕੀ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸੀ। ਪੁਲੀਸ ਉੱਤੇ ਅਜਿਹਾ ਨਾ ਕਰਨ ਲਈ ਕਥਿਤ ਸਿਆਸੀ ਦਬਾਅ ਪਾਇਆ ਗਿਆ। ਇਸ ਦੌਰਾਨ ਥਾਣਾ ਅਜੀਤਵਾਲ ਅਧੀਨ ਪਿੰਡ ਦੇ ਇੱਕ ਸਿਆਸੀ ਆਗੂ ਦਾ ਖਾਸ ਡਿਪੂ ਹੋਲਡਰ ਤੇ ਚੱਕੀ ਮਾਲਕ ਪੁੜਾਂ ਵਿੱਚ ਫ਼ਸ ਗਏ। ਡਿੱਪੂ ਹੋਲਡਰ ਕੋਲ 450 ਗਰੀਬ ਲੋਕਾਂ ਲਈ ਪੁੱਜੀ ਕਰੀਬ 42 ਕੁਇੰਟਲ ਕਣਕ ਡਿਪੂ ਰਿਕਾਰਡ ਵਿੱਚ ਗਰੀਬਾਂ ਨੂੰ ਵੰਡੀ ਦਿਖਾਈ ਗਈ ਪਰ ਉਹ ਆਟਾ ਚੱਕੀ ਤੋਂ ਬਰਾਮਦ ਹੋ ਗਈ। ਇਸ ਮਾਮਲੇ ਵਿੱਚ ਦੋ ਕੌਂਸਲਰਾਂ ਦੀ ਸ਼ਮੂਲੀਅਤ ਵੀ ਦੱਸੀ ਜਾ ਰਹੀ ਹੈ। ਪੁਲੀਸ ਦੀਆਂ ਇਨ੍ਹਾਂ ਕਾਰਵਾਈਆਂ ਦੌਰਾਨ ਹੀ ਇੱਕ ਹਾਕਮ ਧਿਰ ਵਿਧਾਇਕ ਨੇ ਐੱਸਐੱਸਪੀ ਦਫ਼ਤਰ ਵਿੱਚ ਫ਼ੈਲੇ ਭ੍ਰਿਸਟਾਚਾਰ ਤੇ ਉਨ੍ਹਾਂ ਕੋਲ ਸਬੂਤ ਹੋਣ ਦਾ ਅਖ਼ਬਾਰ ਵਿੱਚ ਛਪੇ ਬਿਆਨ ਤੋਂ ਪੁਲੀਸ ਦੀ ਕਾਰਵਾਈ ਅਤੇ ਕਾਰਜਸ਼ੈਲੀ ਉੱਤੇ ਕਥਿਤ ਭ੍ਰਿਸ਼ਟਾਚਾਰ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ।