ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਸਤੰਬਰ
ਸੂਬੇ ਵਿੱਚ ਇੱਕ ਛੱਤ ਹੇਠ ਸੇਵਾਵਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰਾਂ ’ਚ ਮੋਟੀ ਫੀਸ ਭਰ ਕੇ ਵੀ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਰਾਹਤ ਨਹੀਂ ਮਿਲ ਰਹੀ। ਬਹੁਤੇ ਸੇਵਾ ਕੇਂਦਰਾਂ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਹੀ ਟੋਕਨ ਖ਼ਤਮ ਹੋ ਜਾਂਦੇ ਹਨ। ਇਥੇ ਟੋਕਨ ਹਾਸਲ ਕਰਨ ਤੋਂ ਚਾਰ ਦਿਨ ਬਾਅਦ ਵਾਰੀ ਆਉਣ ਕਾਰਨ ਲੋਕ ਆਪਣੇ ਨਿੱਕੇ-ਮੋਟੇ ਕੰਮ ਕਰਾਉਣ ਲਈ ਗੇੜੇ ਮਾਰਦੇ ਥੱਕ ਜਾਂਦੇ ਹਨ।
ਜ਼ਿਲ੍ਹਾ ਇੰਚਾਰਜ ਰੋਸ਼ਨ ਲਾਲ ਸ਼ਰਮਾ ਨੇ 4 ਦਿਨ ਦੇ ਟੋਕਟ ਸਿਸਟਮ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਭੀੜ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਵਧਾਉਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ।
ਸਰਕਾਰ ਵੱਲੋਂ ਇੱਕ ਛੱਤ ਥੱਲੇ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਏਜੰਟਾਂ ਦੇ ਝੰਜਟ ’ਚੋਂ ਕੱਢਣ ਲਈ ਪਹਿਲਾਂ ਸੁਵਿਧਾ ਸੇਂਟਰ ਅੇਤੇ ਹੁਣ ਸੇਵਾ ਕੇਂਦਰ ਮੁਲਾਜ਼ਮ ਫਾਇਲਾਂ ’ਤੇ ਬੇਤੁਕੇ ਅਤੇ ਵਾਰ-ਵਾਰ ਇਤਰਾਜ਼ ਲਾ ਕੇ ਮੁੜ ਏਜੰਟਾਂ ਦੇ ਚੱਕਰਾਂ ਵਿਚ ਪਾਉਣ ਲਈ ਕਥਿਤ ਮਜਬੂਰ ਕਰ ਰਹੇ ਹਨ। ਏਜੰਟਾਂ ਅਤੇ ਪਹੁੰਚ ਵਾਲਿਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਥੇ ਵਿਧਵਾ ਪੈਨਸ਼ਨ ਦਾ ਫ਼ਾਰਮ ਭਰਨ ਆਈ ਬਲਵਿੰਦਰ ਕੌਰ ਅਤੇ ਬੁਢਾਪਾ ਪੈਨਸ਼ਨ ਫ਼ਾਰਮ ਭਰਨ ਲਈ ਹਰਬੰਸ ਕੌਰ ਪਿੰਡ ਕੋਰੇਵਾਲਾ ਦਾ ਸਵੇਰੇ 9 ਵਜੇ ਹੀ ਇਹ ਕਹਿ ਕੇ ਟੋਕਨ ਪਾੜ ਦਿੱਤਾ ਕਿ ਉਹ ਸਮੇਂ ਸਿਰ ਨਹੀਂ ਆਈਆਂ। ਨਿਰਮਲ ਸਿੰਘ ਪਿੰਡ ਮੰਗੇਵਾਲਾ ਨੇ ਕਿਹਾ ਕਿ ਉਹ ਜਨਮ ਸਰਟੀਫ਼ਿਕੇਟ ਦੀ ਅਰਜ਼ੀ ਦੇਣ ਲਈ 3 ਦਿਨ ਤੋਂ ਖ਼ੁਆਰ ਹੋ ਰਿਹਾ ਹੈ। ਅੰਗਰੇਜ਼ ਸਿੰਘ ਪਿੰਡ ਗਿੱਲ ਨੇ ਦੱਸਿਆ ਕਿ ਉਸ ਦੀ ਅੱਜ 14 ਸਤੰਬਰ ਨੂੰ ਵਿਦੇਸ਼ ਜਾਣ ਦੀ ਉਡਾਣ ਹੈ, ਉਹ ਆਪਣੇ ਕੰਮ ਲਈ ਬਾਘਾਪੁਰਾਣਾ ਸੇਵਾ ਕੇਂਦਰ ਉੱਤੇ 13 ਸਤੰਬਰ ਨੂੰ ਗਿਆ ਤਾਂ ਉਸ ਕੋਲੋਂ ਸੇਵਾ ਕੇਂਦਰ ਕਾਊਂਟਰ ਉੱਤੇ ਇੱਕ ਫ਼ਾਰਮ ਭਰਨ ਦੀ 500 ਰੁਪਏ ਫ਼ੀਸ ਲੈ ਕੇ ਉਸ ਨੂੰ ਮੋਗਾ ਸੇਵਾ ਕੇਂਦਰ ਉੱਤੇ ਫ਼ਾਈਲ ਜਮ੍ਹਾਂ ਕਰਵਾਉਣ ਲਈ ਹੁਕਮ ਚਾੜ੍ਹ ਦਿੱਤਾ, ਜਦੋਂ ਕਿ ਉਸ ਦੀ ਅੱਜ ਉਡਾਣ ਹੈ ਜਦਕਿ ਇਕ ਹੋਰ ਗੁਰਮੇਲ ਸਿੰਘ ਸਮੇਤ ਦੋਵਾਂ ਨੂੰ 16 ਸਤੰਬਰ ਨੂੰ ਆਉਣ ਦਾ ਟੋਕਨ ਦਿੱਤਾ ਗਿਆ ਹੈ। ਇਥੇ ਰੋਜ਼ਾਨਾ ਸੈਂਕੜੇ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਲੋਕਾਂ ਲਈ ਸੁਵਿਧਾ ਕੇਂਦਰ ਦੀ ਥਾਂ ਦੁਵਿਧਾ ਕੇਂਦਰ ਬਣ ਕੇ ਰਹਿ ਗਏ ਹਨ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਸੇਵਾ ਕੇਂਦਰਾਂ ਉੱਤੇ ਲੋਕ ਸਵੇਰੇ 5 ਵਜੇ ਆ ਕੇ ਕਤਾਰ ਵਿੱਚ ਲੱਗ ਜਾਂਦੇ ਹਨ ਤੇ ਅਤੇ ਸੁਰੱਖਿਆ ਗਾਰਡ ਹੀ ਗੇਟ ਖੋਲਦੇ ਹੀ ਟੋਕਨ ਖ਼ਤਮ ਹੋ ਜਾਣ ਦੀ ਗੱਲ ਆਖ ਦਿੰਦਾ ਹੈ। ਮੋਟੀ ਸੇਵਾ ਫ਼ੀਸ ਲੈਣ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦਾ ਕੰਮ ਹੋਣ ਬਾਰੇ ਫੋਨ ਤੇ ਸੁਨੇਹਾ ਨਹੀਂ ਜਾਂਦਾ।
ਕੈਪਸ਼ਨ: ਮੋਗਾ ਜ਼ਿਲ੍ਹਾ ਸਕੱਤਰੇਤ ਦੇ ਸੇਵਾ ਕੇਂਦਰ ਵਿੱਚ ਲੱਗੀ ਲੋਕਾਂ ਦੀ ਭੀੜ।