ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੂਨ
ਲੋਪ ਹੋ ਰਹੇ ਸੂਬੇ ਦੇ ਅਮੀਰ ਵਿਰਸੇ ਨੂੰ ਸਾਂਭਣ ਲਈ ਮਾਲਵਾ ਖੇਤਰ ਦੇ ਕਰੀਬ 300 ਪਿੰਡਾਂ ਤੋਂ 10 ਹਜ਼ਾਰ ਗੀਤ, ਬੋਲੀਆਂ ਤੇ ਗਿੱਧੇ-ਭੰਗੜੇ ਦੇ ਲੋਕ ਤੱਥ ਇਕੱਠੇ ਕਰਕੇ ਤਿੰਨ ਪੁਸਤਕਾਂ ’ਜਿੰਦ ਨੀ ਰੌਣਕ ਕੁੜੀਆਂ ਦੀ’, ’ਉੱਡ ਗਈਆਂ ਕੂੰਜਾਂ’ ਪਾਠਕਾਂ ਦੀ ਝੋਲੀ ਪਾਉਣ ਵਾਲੀਆਂ ਮੋਗਾ ਦੀਆਂ ਦੋ ਧੀਆਂ ਦਾ ਮਾਂ ਬੋਲੀ ਲੋਕ ਵਿਰਸੇ ਨੂੰ ਸਾਂਭਣ ਦਾ ਉਪਰਾਲਾ ਜਾਰੀ ਹੈ।
ਇੱਥੋਂ ਨੇੜਲੇ ਪਿੰਡ ਖੋਸਾ ਕੋਟਲਾ ਦੀਆਂ ਦੋ ਸਹੇਲੀਆਂ ਪੰਜਾਬੀ ਵਿਸ਼ੇ ਦੀ ਪੋਸਟ ਗਰੈਜੂਏਟ ਪਵਨਦੀਪ ਤੂਰ ਤੇ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਤੀਜੀ ਜਮਾਤ ਤੋਂ ਉਚੇਰੀ ਪੜ੍ਹਾਈ ਇਕੱਠਿਆਂ ਕੀਤੀ ਹੈ। ਉਨ੍ਹਾਂ ਲੋਪ ਹੋ ਰਹੇ ਵਿਰਸੇ ਨੂੰ ਸਾਂਭ ਦਾ ਉਪਰਾਲਾ ਪੜ੍ਹਾਈ ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਸੋਨ ਤਗਮਾ ਜਿੱਤਣ ਬਾਅਦ ਸ਼ੁਰੂ ਕੀਤਾ ਜੋ ਹੁਣ ਤੱਕ ਜਾਰੀ ਹੈ। ਪਵਨਦੀਪ ਕੌਰ ਨੇ ਆਖਿਆ,‘ਲੋਕ ਗੀਤਾਂ ਦੇ ਲਿਖਤੀ ਰੂਪ ਦੇ ਨਾਲ ਨਾਲ ਅਸੀਂ ਪਾਠਕਾਂ ਨੂੰ ਲੋਕ ਗੀਤਾਂ ਦਾ ਮੌਖਿਕ ਰੂਪ ਵੀ ਦਈਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੇ ਪਾਠਕਾਂ ਨੂੰ ਵਿਰਸੇ ਦੇ ਗੀਤਾਂ ਦੀ ਪਛਾਣ ਬਣੀ ਰਹਿ ਸਕੇ।’ ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ’ਚ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਦੀਆਂ ਰਸਮਾਂ ਨਾਲ ਸਬੰਧਤ ਲੋਕ ਗੀਤ ਹਨ ਜੋ ਪੀੜ੍ਹੀ ਦਰ ਪੀੜ੍ਹੀ ਜ਼ੁਬਾਨ ਰਾਹੀਂ ਅੱਗੇ ਆਉਂਦੇ ਗਏ।
ਉਨ੍ਹਾਂ ਦੱਸਿਆ ਕਿ ਲੋਕ ਗੀਤਾਂ ਨੂੰ ਮਾਲਵਾ ਖੇਤਰ ਦੇ ਕਰੀਬ 300 ਪਿੰਡਾਂ ਜਾ ਕੇ ਇਕੱਠਾ ਕੀਤਾ। ਉਨ੍ਹਾਂ ਗੀਤਾਂ ਨੂੰ ਪਿੰਡ ਦੀਆਂ ਸੁਆਣੀਆਂ ਅਤੇ ਉਮਰ ਦੇ ਆਖਰੀ ਦੌਰ ’ਚੋਂ ਲੰਘਦੀਆਂ ਔਰਤਾਂ ਕੋਲੋਂ ਸੁਣਿਆ ਅਤੇ ਫਿਰ ਉਸੇ ਰੂਪ ’ਚ ਗਾਉਣਾ ਸਿੱਖਿਆ। ਉਹ ਦੋਵੇਂ ਬਤੌਰ ਅਧਿਆਪਨ ਆਪਣੇ ਕਿੱਤੇ ’ਚ ਰੁੱਝੇ ਹੋਣ ਦੇ ਬਾਵਜੂਦ ਵਿਦਿਆਰਥੀ ਵਿਦਿਆਰਥਣਾਂ ਨੂੰ ਲੋਕ ਗੀਤ ਗਾਉਣਾ ਸਿਖਾਉਂਦੀਆ ਆ ਰਹੀਆਂ ਹਨ।
ਚਿੰਤਕ ਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਅਜੋਕੀ ਗਾਇਕੀ ਦੇ ਰੌਲੇ-ਰੱਪੇ ’ਚ ਅਜਿਹੇ ਲੋਕ ਗੀਤਾਂ ਦੀ ਗਾਇਕੀ ਸਕੂਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਦੋਵਾਂ ਮੁਟਿਆਰਾਂ ਨੇ ਲੋਪ ਹੋ ਰਹੇ ਪੰਜਾਬੀ ਸੱਭਿਆਚਾਰ ’ਚ ਲੋਕ ਗੀਤਾਂ ਨੂੰ ਪੁਸਤਕਾਂ ਰਾਹੀਂ ਸਾਂਭ ਕੇ ਪੰਜਾਬੀ ਸੱਭਿਆਚਾਰ ਦੀਆਂ ਉਨ੍ਹਾਂ ਕਦੀਮੀ ਰਵਾਇਤਾਂ ਨੂੰ ਪੁਨਰ-ਸੁਰਜੀਤ ਕਰ ਦਿੱਤਾ ਹੈ।