ਪੱਤਰ ਪ੍ਰੇਰਕ
ਫਾਜ਼ਿਲਕਾ, 17 ਜੁਲਾਈ
ਇਥੇ ਰਾਜਾ ਸਿਨੇਮਾ ਦੇ ਨੇੜੇ ਸਥਿਤ ਜੈਨ ਚੌਕ ਦੇ ਸਾਹਮਣੇ ਸ਼ਰਾਬ ਦੇ ਠੇਕੇ ਨਾਲ ਖੁੱਲ੍ਹੇ ਅਹਾਤੇ ਨੂੰ ਲੈ ਕੇ ਅੱਜ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਇਸ ਦਾ ਵਿਰੋਧ ਕੀਤਾ ਅਤੇ ਠੇਕੇਦਾਰਾਂ ਅਤੇ ਪੁਲੀਸ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ। ਦੂਜੇ ਪਾਸੇ ਠੇਕੇਦਾਰਾਂ ਅਤੇ ਉਕਤ ਬਿਲਡਿੰਗ ਦੇ ਮਾਲਕ ਵਲੋਂ ਇਸ ਸਬੰਧੀ ਇਕ ਪਰਿਵਾਰ ’ਤੇ ਮਾਰਕੁੱਟ ਕਰਨ ਅਤੇ ਧਮਕਾਉਣ ਦੇ ਦੋਸ਼ ਵੀ ਲਗਾਏ ਗਏ।
ਇਸ ਮੌਕੇ ਹਾਜ਼ਰ ਮੁਹੱਲਾ ਵਾਸੀ ਨੀਟੂ ਸੇਠੀ, ਅਸ਼ੋਕ ਕੁਮਾਰ, ਸ਼ਾਮ ਲਾਲ, ਰਾਮ ਚੰਦ ਅਤੇ ਹੋਰਨਾਂ ਨੇ ਕਿਹਾ ਕਿ ਮੁਹੱਲੇ ਵਿਚ ਪਰਨਾਮੀ ਮੰਦਰ ਅਤੇ ਕੁਝ ਹੀ ਦੂਰੀ ’ਤੇ ਗੈਸ ਏਜੰਸੀ ਹੈ ਜਿੱਥੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਹੋਰਨਾਂ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ, ਪਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨੇੜੇ ਹੀ ਕੁਝ ਦਿਨ ਪਹਿਲਾਂ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਜਿਸ ਨੂੰ ਬੰਦ ਕਰਵਾਉਣ ਲਈ ਮੁਹੱਲਾ ਵਾਸੀਆਂ ਵੱਲੋਂ ਕਈ ਵਾਰ ਪੁਲੀਸ ਅਤੇ ਠੇਕੇਦਾਰਾਂ ਕੋਲ ਬੇਨਤੀ ਕੀਤੀ ਗਈ, ਪਰ ਪੁਲੀਸ ਠੇਕੇ ਬੰਦ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਸ਼ਰਾਬ ਦੇ ਠੇਕੇ ਨਾਲ ਇਕ ਅਹਾਤਾ ਹੋਰ ਖੋਲ੍ਹ ਦਿੱਤਾ। ਜਿੱਥੇ ਰਾਤ ਅਤੇ ਸ਼ਾਮ ਨੂੰ ਸ਼ਰਾਬ ਪੀਣ ਵਾਲੇ ਲੋਕ ਮਾਹੌਲ ਖਰਾਬ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਮੁਹੱਲਾ ਵਾਸੀ ਵਿਰੋਧ ਵਜੋਂ ਇਕੱਠੇ ਹੋਏ ਤਾਂ ਸ਼ਰਾਬ ਦੇ ਠੇਕੇਦਾਰਾਂ ਨੇ ਕੁਝ ਬੰਦੇ ਬੁਲਾ ਲਏ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਜਦ ਲੋਕਾਂ ਵੱਲੋਂ ਇਸ ਸਬੰਧੀ ਥਾਣਾ ਸਿਟੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲੀਸ ਕਰਮਚਾਰੀ ਉਥੇ ਆਏ, ਪਰ ਉਨ੍ਹਾਂ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਹਾਜ਼ਰ ਮੁਹੱਲਾ ਵਾਸੀਆਂ ਨੇ ਕਿਹਾ ਠੇਕੇ ਅਤੇ ਅਹਾਤੇ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਬਿਲਡਿੰਗ ਦੇ ਮਾਲਕ ਵਿੱਕੀ ਕਵਾਟੜਾ ਨੇ ਕਿਹਾ ਕੀ ਉਨ੍ਹਾਂ ਨੇ ਆਪਣੀ ਬਿਲਡਿੰਗ ਠੇਕੇਦਾਰਾਂ ਨੂੰ ਕਿਰਾਏ ’ਤੇ ਦਿੱਤੀ ਹੋਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ। ਇਸ ਮੌਕੇ ਹਾਜ਼ਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਹੱਲਾ ਵਾਸੀਆਂ ਵੱਲੋਂ ਸ਼ਰਾਬ ਦੇ ਅਹਾਤੇ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਝਗੜਾ ਪੁਰਾਣਾ ਹੈ।