ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 27 ਮਈ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਦੇ ਵਾਸੀ ਹਮੀਦ ਖਾਨ ਉਰਫ ਸਿੱਕਾ ਖਾਨ ਨੂੰ ਮਿਲਣ ਲਹਿੰਦੇ ਪੰਜਾਬ ਪਾਕਿਸਤਾਨ ਤੋ ਉਸਦਾ ਭਰਾ ਮੁਹੰਮਦ ਸਦੀਕ ਪਿੰਡ ਫੂਲੇਵਾਲਾ ਪਹੁੰਚਿਆ ਹੈ। ਆਜ਼ਾਦੀ ਵੇਲੇ ਦੇ ਵਿਛੜੇ ਹੋਏ ਦੋਵੇਂ ਭਰਾਵਾਂ ਦੀ ਮਿਲਣੀ ਤੋਂ ਬਾਅਦ ਵਿਧਾਇਕ ਬਲਕਾਰ ਸਿੰਘ ਸਿੱਧੂ ਸਿੱਕਾ ਖਾਂ ਦੇ ਘਰ ਪਹੁੰਚੇ ਤੇ ਦੋਵੇਂ ਭਰਾਵਾਂ ਨੂੰ ਸਨਮਾਨਿਤ ਕੀਤਾ। ਵਿਧਾਇਕ ਸਿੱਧੂ ਨੇ ਦੋਵੇਂ ਭਰਾਵਾਂ ਦੇ ਗੂੜ੍ਹੇ ਪਿਆਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਐਨੇ ਸਾਲਾਂ ਤੋਂ ਵਿਛੜੇ ਹੋਏ ਹਨ ਪਰ ਫੇਰ ਵੀ ਪਿਆਰ ਬਰਕਰਾਰ ਹੈ। ਲਹਿੰਦੇ ਪੰਜਾਬ ਤੋਂ ਆਏ ਮੁਹੰਮਦ ਸਦੀਕ ਨੇ ਆਜ਼ਾਦੀ ਸਮੇਂ ਵਿਛੋੜੇ ਦਾ ਦਰਦ ਬਿਆਨ ਕਰਦਿਆਂ ਦੱਸਿਆ ਕਿ 1947 ’ਚ ਉਸਦੀ ਉਮਰ ਦਸ ਸਾਲ ਸੀ ਤੇ ਉਹ ਆਪਣੇ ਪਰਿਵਾਰ ਮਾਂ ਬਾਪ ਤੇ ਭੈਣ ਨਾਲ ਜਗਰਾਓਂ ਸ਼ਹਿਰ ਦੇ ਬਾਹਰ ਰਹਿੰਦਾ ਸੀ। ਆਜ਼ਾਦੀ ਦੀ ਲੜਾਈ ਸਮੇਂ ਉਸਦੀ ਮਾਂ ਨਾਨਕੇ ਪਿੰਡ ਫੂਲੇਵਾਲਾ ਗਈ ਹੋਈ ਸੀ ਤੇ ਜਦੋਂ ਉਸਦੇ ਭਰਾ ਛਿੱਕਾ ਖਾਨ ਦੀ ਉਮਰ ਕਰੀਬ ਛੇ ਸਾਲ ਸੀ ਤਾਂ ਬਟਵਾਰਾ ਗਿਆ ਤੇ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ। ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਹ ਆਪਣੀ ਭੈਣ ਨੂੰ ਲੈ ਕੇ ਡਰ ਦੇ ਮਾਹੌਲ ’ਚ ਰਹਿ ਰਹੇ ਸੀ ਤਾਂ ਉਨ੍ਹਾਂ ਦੀ ਮਾਸੀ ਦੇ ਮੁੰਡੇ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਉਹ ਪਾਕਿਸਤਾਨ ਲਈ ਰਵਾਨਾ ਹੋ ਗਏ। ਮਿਲਟਰੀ ਦੀ ਦੇਖ-ਰੇਖ ’ਚ ਉਨ੍ਹਾਂ ਕਈ ਰਾਤਾਂ ਤੁਰ ਕੇ ਸਫਰ ਕੀਤਾ ਤੇ ਰਾਤ ਸਮੇਂ ਛੋਲੇ ਖਾ ਕੇ ਗੁਜ਼ਾਰਾ ਕੀਤਾ ਤੇ ਪਾਕਿਸਤਾਨ ਪਹੁੰਚ ਕੇ ਕੈਂਪ ’ਚ ਰਹਿੰਦਿਆਂ ਉਨ੍ਹਾਂ ਦੀ ਭੈਣ ਦੀ ਤਬੀਅਤ ਵਿਗੜ ਗਈ ਤੇ ਉਸਦੀ ਮੌਤ ਹੋ ਗਈ। ਉਹ ਇਕੱਲੇ ਰਹਿ ਗਏ ਤੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਪਾਕਿਸਤਾਨ ’ਚ ਹੋਰ ਰਿਸ਼ਤੇਦਾਰ ਵੀ ਮਿਲਣ ਲੱਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਦਸ ਰੁਪਏ ਮਹੀਨਾ ’ਤੇ ਮਜ਼ਦੂਰੀ ਕੀਤੀ ਤੇ ਫਿਰ ਸਰਕਾਰ ਨੇ ਵੀਹ ਸਾਲ ਬਾਅਦ ਉਨ੍ਹਾਂ ਨੂੰ ਗੁਜਾਰੇ ਲਈ 4 ਏਕੜ ਜ਼ਮੀਨ ਦਿੱਤੀ ਜਿਸ ’ਤੇ ਉਹ ਹੁਣ ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦਾ ਪਾਕਿਸਤਾਨ ’ਚ ਹੱਸਦਾ ਖੇਡਦਾ ਪਰਿਵਾਰ ਹੈ ਜਿਸ ’ਚ ਚਾਰ ਪੁੱਤ ਤੇ ਦੋ ਧੀਆਂ ਹਨ ਜੋ ਸਾਰੇ ਵਿਆਹੇ ਹੋਏ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਭਰਾ ਜੋ ਭਾਰਤ ’ਚ ਇਕੱਲਾ ਹੈ, ਉਨ੍ਹਾਂ ਨਾਲ ਪਾਕਿਸਤਾਨ ਆ ਕੇ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੀ ਜਨਮ ਭੂਮੀ ਜਗਰਾਓਂ ਦੇ ਦਰਸ਼ਨ ਕਰਕੇ ਲੁਧਿਆਣਾ ਸਥਿਤ ਪੀਰ ਬਾਬੇ ’ਤੇ ਚਾਦਰ ਚੜ੍ਹਾ ਕੇ ਆਉਣਗੇ।