ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 30 ਅਕਤੂਬਰ
ਝੋਨੇ ਦੀ ਖ਼ਰੀਦ ਲਈ ਸਰਕਾਰ ਵੱਲੋਂ ਤੈਅ ਕੀਤਾ 17 ਫ਼ੀਸਦੀ ਨਮੀ ਦਾ ਮਾਪਦੰਡ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ। ਇਹ ਮਾਪਦੰਡ ਕਿਸਾਨਾਂ ਦੀ ਵੱਡੀ ਲੁੱਟ ਅਤੇ ਭ੍ਰਿਸ਼ਟਾਚਾਰ ਦਾ ਕਾਰਨ ਵੀ ਬਣ ਰਿਹਾ ਹੈ। ਨਮੀ ਕਾਰਨ ਕਿਸਾਨਾਂ ਨੂੰ ਕਾਟ ਲਗਾ ਕੇ ਝੋਨਾ ਖ਼ਰੀਦਣ ਦੇ ਪੇਸ਼ਕਸ਼ਾਂ ਮਿਲਣ ਲੱਗੀਆਂ ਹਨ।
ਹਲਕੇ ਦੇ ਪਿੰਡ ਚੀਮਾ ਦੀ ਦਾਣਾ ਮੰਡੀ ਵਿੱਚ ਬੀਕੇਯੂ ਉਗਰਾਹਾਂ ਨੇ ਵੱਡੇ ਭ੍ਰਿਸ਼ਟ ਸਿਸਟਮ ਦਾ ਖੁਲਾਸਾ ਕੀਤਾ ਹੈ। ਕਿਸਾਨ ਆਗੂ ਦਰਸ਼ਨ ਸਿੰਘ ਬਚਿੱਤਰ ਸਿੰਘ ਗਰੀਬੂ, ਗੁਰਨਾਮ ਸਿੰਘ ਅਤੇ ਗੋਰਾ ਸਿੰਘ ਨੇ ਦੱਸਿਆ ਕਿ ਬਦਲੇ ਮੌਸਮ ਦੇ ਹਿਸਾਬ ਨਾਲ ਹਰ ਝੋਨੇ ਦੀ ਢੇਰੀ ਵਿੱਚ ਨਮੀ ਤੈਅ ਮਾਪਦੰਡ ਤੋਂ ਵੱਧ ਹੈ। ਅਧਿਕਾਰੀ 17 ਫ਼ੀਸਦੀ ਤੋਂ ਵੱਧ ਝੋਨਾ ਨਹੀਂ ਖ਼ਰੀਦ ਰਹੇ ਪਰ ਆੜ੍ਹਤੀਆਂ ਵੱਲੋਂ 17 ਫ਼ੀਸਦੀ ਤੋਂ ਵੱਧ ਨਮੀ ਵਾਲੇ ਝੋਨੇ ’ਤੇ ਕਾਟ ਲਾ ਕੇ ਖ਼ਰੀਦਣ ਦੀ ਆਫ਼ਰ ਦੇ ਰਹੇ ਹਨ। ਆੜ੍ਹਤੀਆਂ ਅਤੇ ਅਧਿਕਾਰੀਆਂ ਵਿੱਚ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ 18 ਫ਼ੀਸਦੀ ਨਮੀ ’ਤੇ ਪ੍ਰਤੀ ਕੁਵਿੰਟਲ ਇੱਕ ਕਿਲੋ, 19 ਫ਼ੀਸਦੀ ’ਤੇ 2 ਕਿਲੋ ਅਤੇ 20 ’ਤੇ 3 ਕਿਲੋ ਕਾਟ ਕੱਟ ਕੇ ਝੋਨਾ ਖ਼ਰੀਦਣ ਦੇ ਆਫ਼ਰ ਦਿੱਤੇ ਗਏ ਹਨ। ਮੰਡੀ ਵਿੱਚ ਰੁਲਣ ਦੀ ਬਜਾਏ ਝੋਨਾ ਕਾਟ ਲਗਾ ਕੇ ਵੇਚਣਾ ਕਿਸਾਨਾਂ ਲਈ ਮਜਬੂਰੀ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਸਰਕਾਰ 20 ਤੋਂ 22 ਫ਼ੀਸਦੀ ਨਮੀ ’ਤੇ ਝੋਨਾ ਖ਼ਰੀਦਣ ਦੇ ਹੁਕਮ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਲੁੱਟ ਵਧੇਗੀ। ਇਸ ਸਬੰਧੀ ਮਾਰਕਫ਼ੈੱਡ ਏਜੰਸੀ ਦੇ ਇੰਸਪੈਕਟਰ ਸੁਮਨਦੀਪ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਸਰਕਾਰ ਦੇ ਆਦੇਸ਼ਾਂ ਅਨੁਸਾਰ 17 ਫ਼ੀਸਦੀ ਤੋਂ ਵੱਧ ਝੋਨੇ ਦੀ ਖ਼ਰੀਦ ਨਹੀਂ ਹੋ ਸਕਦੀ।
ਅਕਾਲੀ ਦਲ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਲਗਾਤਾਰ ਝੋਨੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ। ਪਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਝੋਨੇ ਦੀ ਖਰੀਦ ਸਬੰਧੀ ਮਾੜੀ ਪਹੁੰਚ ਨੂੰ ਲੈ ਕੇ ਨਿੰਦਾ ਕੀਤੀ ਗਈ। ਪਾਰਟੀ ਦੀ ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਅੱਜ ਝੋਨੇ ਦੀ ਖਰੀਦ ਨਾ ਹੋਣ ਕਾਰਨ ਪਿਛਲੇ ਇੱਕ ਮਹੀਨੇ ਤੋਂ ਮੰਡੀਆਂ ਵਿੱਚ ਖੱਜਲ-ਖੁਆਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਨਦਾਤਾ ਨੂੰ ਫ਼ਸਲ ਵੇਚਣ ਲਈ ਹੁਣ ਮੰਡੀਆਂ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮੇਂ-ਸਿਰ ਕੇਂਦਰ ਸਰਕਾਰ ਨਾਲ ਝੋਨੇ ਦੀ ਖਰੀਦ ਸਬੰਧੀ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਅਤੇ ਸਰਕਾਰ ਦੀ ਸੁਸਤੀ ਕਾਰਨ ਬਹੁਕੌਮੀ ਕੰਪਨੀਆਂ ਵੱਲੋਂ ਰਾਜ ਵਿੱਚ ਝੋਨੇ ਦੀਆਂ ਅਜਿਹੀਆਂ ਵਰਾਇਟੀਆਂ ਦੀ ਬਿਜਾਈ ਕਰਵਾ ਦਿੱਤੀ, ਜਿਸ ਨੂੰ ਖਰੀਦਣ ਲਈ ਹੁਣ ਸ਼ੈਲਰ ਮਾਲਕ ਨੱਕ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਵਰਾਇਟੀਆਂ ਦੀ ਬਿਜਾਈ ਹੋ ਰਹੀ ਸੀ, ਉਦੋਂ ਸਰਕਾਰ ਸੁੱਤੀ ਪਈ ਸੀ। ਉਨ੍ਹਾਂ ਕਿਹਾ ਕਿ ਹੁਣ ਮੰਡੀਆਂ ਵਿੱਚ 3 ਤੋਂ 5 ਕਿਲੋ ਕਾਟ ਨਾਲ ਸ਼ਰੇਆਮ ਝੋਨਾ ਵਿਕ ਰਿਹਾ ਹੈ, ਜਿਸ ਲਈ ਸਰਕਾਰ ਤੇ ਪ੍ਰਸ਼ਾਸਨ ਸੁੱਤੇ ਪਏ ਹਨ।