ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜੁਲਾਈ
ਇਥੇ ਧਰਮਕੋਟ ਵਿਖੇ ਪੰਜ ਹਥਿਆਰਬੰਦ ਨਕਾਬਪੋਸ਼ਾਂ ਵੱਲੋਂ ਦਿਨ-ਦਿਹਾੜੇ ਮਨੀ ਚੇਂਜਰ ’ਤੇ ਧਾਵਾ ਬੋਲ ਦਿੱਤਾ ਗਿਆ। ਦੁਕਾਨਦਾਰ ਵੱਲੋਂ ਹਮਲਾਵਰਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ। ਵਿਰੋਧ ਕਰਨ ਉੱਤੇ ਹਮਲਾਵਰਾਂ ਨੇ ਦੁਕਾਨਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਵਾਰਦਾਤ ਮਗਰੋਂ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਵੇਰਵਿਆਂ ਅਨੁਸਾਰ ਧਰਮਕੋਟ ਵਿਖੇ ਰਾਜਿੰਦਰਾ ਰੋਡ ਉੱਤੇ ਰਾਜੀਵ ਬਜਾਜ ਪੁੱਤਰ ਸੁਰਿੰਦਰ ਬਜਾਜ ਮਨੀ ਚੇਂਜਰ ਅਤੇ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦਾ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ਼ ਮੁਤਾਬਕ ਸ਼ਾਮ ਕਰੀਬ 3.53 ਵਜੇ ਪੰਜ ਹਥਿਆਰਬੰਦ ਨਕਾਬਪੋਸ਼ ਦੋ ਮੋਟਰ ਸਾਈਕਲਾਂ ਉੱਤੇ ਮਨੀ ਚੇਂਜਰ ਦਾ ਦੁਕਾਨ ਉੱਤੇ ਗਏ। ਚਾਰ ਬਦਮਾਸ਼ ਦੁਕਾਨ ਅੰਦਰ ਚਲੇ ਗਏ ਅਤੇ ਇੱਕ ਬਾਹਰ ਖੜ੍ਹ ਗਿਆ। ਉਨ੍ਹਾਂ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਸੇਫ਼ ਦੀਆਂ ਚਾਬੀਆਂ ਮੰਗੀਆਂ। ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਹੱਥੋਂ ਪਾਈ ਕਰਕੇ ਸੇਫ਼ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਦੁਕਾਨਦਾਰ ਨੇ ਦਲੇਰੀ ਨਾਲ ਮੁਕਾਬਲਾ ਕੀਤਾ। ਇਸ ਮਗਰੋਂ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਦੁਕਾਨਦਾਰ ਦਾ ਮੋਬਾਈਲ ਫ਼ੋਨ ਅਤੇ ਸੋਨੇ ਦੀ ਮੁੰਦਰੀ ਤੇ ਕੜਾ ਲਿਜਾਣ ’ਚ ਸਫ਼ਲ ਰਹੇ। ਪਤਾ ਲੱਗਣ ’ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।