ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੂਨ
ਦਿ ਮੋਗਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਅਧੀਨ ਬਰਾਂਚ ਧਰਮਕੋਟ ਵਿੱਚ 62 ਲੱਖ ਰੁਪਏ ਤੋਂ ਵੱਧ ਦਾ ਘੁਟਾਲਾ ਸਾਹਮਣੇ ਆਇਆ ਹੈ। ਵਿਭਾਗ ਨੇ ਸ਼ਾਖਾ ਪ੍ਰਬੰਧਕ ਸਣੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਸ਼ਾਖਾ ਪ੍ਰਬੰਧਕ, ਨਿਯਮਾਂ ਨੂੰ ਛਿੱਕੇ ਟੰਗ ਕੇ ਦੂਜੀਆਂ ਸ਼ਾਖਾਵਾਂ ’ਚ ਕਈ ਸਾਲ ਤੋਂ ਕਰੋੜਾਂ ਰੁਪਏ ਦਾ ਅਦਾਨ ਪ੍ਰਦਾਨ ਕਰਦਾ ਰਿਹਾ ਹੈ। ਇਹ ਸਾਰਾ ਫਰਜ਼ੀਵਾੜਾ ਇੰਨੇ ਵੱਡੇ ਪੱਧਰ ’ਤੇ ਹੋਇਆ ਕਿ ਕਿਸੇ ਖਾਤਾਧਾਰਕ ਨੂੰ ਸ਼ੱਕ ਨਹੀਂ ਪਿਆ।
ਬੈਂਕ ਦੇ ਜ਼ਿਲ੍ਹਾ ਮੈਨੈਜਰ ਰਾਜਿੰਦਰ ਸਿੰਘ ਢਿੱਲੋਂ ਨੇ ਘੁਟਾਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਸੂਰਵਾਰ ਸ਼ਾਖਾ ਪ੍ਰਬੰਧਕ ਜਸਵੰਤ ਸਿੰਘ ਤੋਂ ਇਲਾਵਾ ਦੋਵੇਂ ਕਲਰਕਾਂ ਸੂਰਜ ਲੂਨਾ ਅਤੇ ਗੀਤਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰ ਬੈਂਕ ਮੁਲਾਜ਼ਮਾਂ ਕੋਲੋਂ ਰਿਕਵਰੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਵਿਸੇਸ਼ ਜਾਂਚ ਟੀਮ ਮੈਂਬਰ ਗੋਪਾਲ ਸਿੰਘ ਗਿੱਲ ਸੀਨੀਅਰ ਮੈਨੇਜਰ, ਸਰਬਜੀਤ ਸਿੰਘ ਬਰਾੜ ਮੈਨੇਜਰ, ਨੀਰਜ ਸ਼ਰਮਾਂ ਲੇਖਾਕਾਰ ਅਤੇ ਸੁਭਾਸ਼ ਚੰਦ ਵੱਲੋਂ ਸੌਂਪੀ ਗਈ ਰਿਪੋਰਟ ਮੁਤਾਬਕ 62 ਲੱਖ 31 ਹਜ਼ਾਰ, 759 ਰੁਪਏ 50 ਪੈਸੇ ਦਾ ਘਪਲਾ ਹੋਇਆ ਹੈ। ਰਿਪੋਰਟ ਮੁਤਾਬਕ 22 ਖਾਤਾਧਾਰਕਾਂ ਨਾਲ ਹੇਰਾ-ਫੇਰੀ ਹੋਈ ਹੈ। ਉਨ੍ਹਾਂ ਤੋਂ ਕਰਜ਼ੇ ਦੀ ਲਿਮਟ ਤੇ ਹੋਰ ਰਕਮਾਂ ਹਾਸਲ ਕਰਕੇ ਖੁਦ ਹਜ਼ਮ ਕਰ ਲਈਆਂ ਗਈਆਂ। ਇਸ ਤੋਂ ਇਲਾਵਾ 13 ਲੱਖ 69 ਹਜ਼ਾਰ, 890 ਰੁਪਏ ਦੀਆਂ ਗੰਭੀਰ ਊਣਤਾਈਆਂ ਸਾਹਮਣੇ ਆਈਆਂ ਹਨ। ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ’ਚ ਸ਼ਾਖਾ ਦੀ ਪੜਤਾਲ ਕਰਨ ਮਗਰੋਂ ਹੋਰ ਊਣਤਾਈਆਂ ਵੀ ਸਾਹਮਣੇ ਆ ਸਕਦੀਆਂ ਹਨ। ਕਸੂਰਵਾਰ ਮੁਲਾਜ਼ਮਾਂ ਦੇ ਜੀਪੀ ਫੰਡ ਆਦਿ ਵਿੱਚੋਂ ਬੈਂਕ ਨੇ 38 ਲੱਖ 62 ਹਜ਼ਾਰ, 267 ਰੁਪਏ 50 ਪੈਸੇ ਦੀ ਰਿਕਵਰੀ ਜਮ੍ਹਾਂ ਕਰਵਾ ਲਈ ਗਈ ਹੈ।
ਇਸ ਘੁਟਾਲੇ ਦੌਰਾਨ ਸਾਹਮਣੇ ਆਇਆ ਕਿ ਮੁਅੱਤਲ ਸ਼ਾਖਾ ਪ੍ਰਬੰਧਕ ਨਿਯਮਾਂ ਨੂੰ ਛਿੱਕੇ ਟੰਗ ਕੇ ਪਿੰਡ ਲੁਹਾਰਾ ਤੇ ਹੋਰ ਸ਼ਾਖਾਵਾਂ ਦੇ ਸ਼ਾਖਾ ਪ੍ਰਬੰਧਕਾਂ ਨਾਲ ਕਥਿਤ ਗੰਢ-ਤੁੱਪ ਕਰਕੇ ਕਈ ਸਾਲ ਤੋਂ ਕਰੋੜਾਂ ਰੁਪਏ ਦਾ ਅਦਾਨ ਪ੍ਰਦਾਨ ਕਰਦਾ ਰਿਹਾ ਹੈ ਪਰ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਕਥਿਤ ਪ੍ਰਭਾਵਸ਼ਾਲੀ ਵਿਅਕਤੀ ਦੇ ਦਬਾਅ ਹੇਠ ਆ ਕੇ ਇਸ ਘੁਟਾਲੇ ਉੱਤੇ ਮਿੱਟੀ ਪਾ ਦਿੱਤੀ ਹੈ।
ਇਸ ਘੁਟਾਲੇ ਦੀ ਸਾਬਕਾ ਮੈਨੇਜਰ ਗੁਰਮੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵਿੱਚ ਕੁਝ ਗਲਤ ਨਹੀਂ ਹੋਇਆ। ਮੁਅੱਤਲ ਸ਼ਾਖਾ ਪ੍ਰਬੰਧਕ ਸੀਨੀਅਰ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਕਰਨ ’ਚ ਦੂਸਰਿਆਂ ਨਾਲੋਂ ਮੋਹਰੀ ਹੁੰਦਾ ਸੀ। ਇਹ ਸਾਰਾ ਫਰਜ਼ੀਵਾੜਾ ਇੰਨੇ ਵੱਡੇ ਪੱਧਰ ’ਤੇ ਹੋਇਆ ਕਿ ਕਿਸੇ ਨੂੰ ਸ਼ੱਕ ਨਹੀਂ ਪਿਆ। ਇਹ ਸਾਰਾ ਕੁਝ ਬੈਂਕ ਮੁਲਾਜ਼ਮਾਂ ਨੇ ਵਿਦੇਸ਼ ਜਾਣ ਵਾਲੇ ਖਾਤਾਧਾਰਕਾਂ ਨਾਲ ਗੰਢਤੁੱਪ ਕਰਕੇ ਹੋਰ ਲੋਕਾਂ ਦੀ ਖਾਤਿਆਂ ’ਚ ਜਮ੍ਹਾਂ ਰਾਸ਼ੀ ਦਾ ਅਦਾਨ ਪ੍ਰਦਾਨ ਕੀਤਾ ਗਿਆ ਹੈ।