ਮਹਿੰਦਰ ਸਿੰਘ ਰੱਤੀਆ
ਮੋਗਾ, 14 ਸਤੰਬਰ
ਮੋਤੀ ਮਹਿਰਾ ਆਜੀਵਿਕਾ ਸੈੱਲਫ ਹੈੱਲਪ ਗਰੁੱਪ, ਮਟਵਾਣੀ ਦੀਆਂ ਘਰੇਲੂ ਸੁਆਣੀਆਂ ਆਰਥਿਕ ਵਿਕਾਸ ਦੀਆਂ ਪੌੜੀਆਂ ਚੜ ਰਹੀਆਂ ਹਨ। ਉਹ ਪੇਂਡੂ ਖੇਤਰ ਦੀਆਂ ਹੋਰਨਾਂ ਘਰੇਲੂ ਔਰਤਾਂ ਲਈ ਵੀ ਰਾਹ ਦਸੇਰਾ ਬਣ ਗਈਆਂ ਹਨ। ਉਨ੍ਹਾਂ ਲੌਕਡਾਊਨ ਦੌਰਾਨ ਪਹਿਲਾਂ ਮਾਸਕ ਤਿਆਰ ਕੀਤੇ ਹੁਣ ਕਰਕੇ ਅਤੇ ਹੁਣ ਪੰਚਾਇਤੀ ਰਿਕਾਰਡ ਦੀ ਸੰਭਾਲ ਲਈ ਕੈਰੀ ਬੈਗ ਤਿਆਰ ਕਰਕੇ ਵਿਕਾਸ ਵਿਭਾਗ ਰਾਹੀਂ ਪੰਚਾਇਤਾਂ ਨੂੰ ਬਾਜ਼ਾਰ ਨਾਲੋਂ ਘੱਟ ਮੁਨਾਫ਼ੇ ਉੱਤੇ ਵੇਚੇ ਜਾ ਰਹੇ ਹਨ। ਇਸ ਕੰਮ ਤੋਂ ਹੋ ਰਹੀ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਰੋਟੀ ਵਾਲੇ ਖਾਣੇ ਦੇ ਕਵਰ ਅਤੇ ਪਾਣੀ ਵਾਲੀ ਬੋਤਲ ਦੇ ਕਵਰ ਅਤੇ ਪੰਚਾਇਤਾਂ ਦੀਆਂ ਚੈੱਕ ਬੁੱਕਾਂ ਲਈ ਛੋਟੇ ਕੈਰੀ ਬੈਗ ਵੀ ਤਿਆਰ ਕੀਤੇ ਜਾ ਰਹੇ ਹਨ।
ਬੀਡੀਪੀਓ.ਬਲਾਕ ਮੋਗਾ-1 ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਵੱਲੋਂ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਮੋਤੀ ਮਹਿਰਾ ਆਜੀਵਿਕਾ ਸੈੱਲਫ ਹੈੱਲਪ ਗਰੁੱਪ, ਮਟਵਾਣੀ ਦੀਆਂ ਘਰੇਲੂ ਸੁਆਣੀਆਂ ਵੱਲੋਂ ਥ੍ਰੀ-ਲੇਅਰ ਬੈਗ ਗ੍ਰਾਮ ਪੰਚਾਇਤਾਂ ਦੇ ਰਿਕਾਰਡਾਂ ਦੀ ਸਾਂਭ ਸੰਭਾਲ ਲਈ ਤਿਆਰ ਕਰਕੇ ਬਹੁਤ ਹੀ ਵਾਜ਼ਬ ਕੀਮਤਾਂ ’ਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਬਾਂਸ ਦੇ ਟ੍ਰੀ ਗਾਰਡ ਸਬੰਧੀ ਇੱਕ ਦਿਨ ਦੀ ਸਿਖਲਾਈ ਬਾਅਦ ਇਹ ਗਰੁੱਪ ਜ਼ਿਲ੍ਹੇ ਦੇ ਬਾਕੀ ਗਰੁੱਪਾਂ ਨੂੰ ਸਿਖਲਾਈ ਦੇਣਗੇ। ਇਸ ਤੋਂ ਇਲਾਵਾ ਬਲਾਕ ਦੀਆਂ ਸਾਰੀਆਂ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਦੇ ਤਹਿਤ ਲਗਾਏ ਬੂਟਿਆਂ ਨੂੰ ਆਵਾਰਾ ਪਸ਼ੂਆਂ ਆਦਿ ਤੋਂ ਬਚਾਉਣ ਲਈ ਬਾਂਸ ਦੇ ਟ੍ਰੀ ਗਾਰਡ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਬੂਟਿਆਂ ਨੂੰ ਰੱਖਿਆ ਮਿਲੇਗੀ ਅਤੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦਾ ਆਰਥਿਕ ਪੱਧਰ ਉੱਚਾ ਉੱਠੇਗਾ।
ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪ ਮੈਂਬਰ ਇਹ ਸਾਰਾ ਕੰਮ ਆਪਣੇ ਘਰ ਵਿੱਚ ਰਹਿ ਕੇ ਕਰਨਗੇ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਦੇ ਕੰਮ ਨੂੰ ਆਸਾਨ ਕਰਨ ਲਈ ਆਧੁਨਿਕ ਮਸ਼ੀਨਾਂ ਮੁਹੱਇਆ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।