ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ
ਕਾਂਗਰਸ ਦੀ ਪਹਿਲੀ ਸੂਚੀ ਵਿੱਚ ਮੁਕਤਸਰ ਦਾ ਨਾਮ ਨਹੀਂ ਆਇਆ। ਇਸ ਕਰਕੇ ਮਾਹੌਲ ਤਣਾਅਪੂਰਨ ਹੈ। ਟਿਕਟ ਦੇ ਚਾਹਵਾਨ ਆਗੂਆਂ ਦੇ ਪੋਸਟਰ ਤੇ ਫਲੈਕਸਾਂ ਦੀ ਭਾਸ਼ਾ ਦੱਸਦੀ ਹੈ ਕੋਈ ਦਾਅਵੇਦਾਰ ਦੂਜੇ ਤੋਂ ਘੱਟ ਨਹੀਂ।
2017 ’ਚ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ 44894 ਵੋਟਾਂ ਲੈ ਕੇ 7980 ਵੋਟਾਂ ਨਾਲ ਜੇਤੂ ਬਣੇ। ਰੋਜ਼ੀ ਬਰਕੰਦੀ ਦਾ ਹੁਣ ਵੀ ਖੇਤਰ, ਖਾਸ ਤੌਰ ’ਤੇ ਸ਼ਹਿਰ ਵੋਟਰ ’ਚ ਮਜ਼ਬੂਰ ਆਧਾਰ ਹੈ।
ਕਾਂਗਰਸ ਦੇ ਕਰਨ ਕੌਰ ਬਰਾੜ ਦੇ ਸਹੁਰਾ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਤੇ ਪਤੀ ਆਦੇਸ਼ ਕੰਵਰਜੀਤ ਸਿੰਘ ਬਰਾੜ ਵਿਧਾਇਕ ਰਹੇ ਹਨ। ਉਹ ਆਪਣੀ ਇਸ ਮੈਰਿਟ ’ਤੇ ਟਿਕਟ ਦੀ ਦਾਅਵੇਦਾਰੀ ਕਰਦੇ ਹਨ।
ਹਰਚਰਨ ਸਿੰਘ ਸੋਥਾ ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਕਰੀਬੀ ਅਤੇ ਜ਼ਿਲ੍ਹਾ ਪ੍ਰਧਾਨ ਹਨ। ਉਹ ਟਕਸਾਲੀ ਕਾਂਗਰਸੀ ਵਜੋਂ ਆਪਣੀ ਟਿਕਟ ’ਤੇ ਦਾਅਵੇਦਾਰੀ ਜਿਤਾ ਰਹੇ ਹਨ। ਜਗਜੀਤ ਸਿੰਘ ਹਨੀ ਫੱਤਣਵਾਲਾ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਹਨ। ਮਨਪ੍ਰੀਤ ਬਾਦਲ ਨੇ ਅਕਾਲੀ ਦਲ ਛੱਡਿਆ ਤਾਂ ਉਨ੍ਹਾਂ ਮਾਰਕੀਟ ਕਮੇਟੀ ਦੀ ਚੇਅਰਮੈਨੀ ਤਿਆਗ ਦਿੱਤੀ। ਕਿਸਾਨੀ ਸੰਘਰਸ਼ ਚੱਲਿਆ ਤਾਂ ਹਰ ਧਰਨੇ ’ਚ ਹਾਜ਼ਰ ਰਹੇ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਤਾਂ ਕਾਂਗਰਸ ਹਰ ਜਾਵੇਗੀ।
ਮੁਕਤਸਰ ਹਲਕੇ ਦੇ ਦਮਦਾਰ ਆਗੂ ਵਜੋਂ ਜਾਣੇ ਜਾਂਦੇ ਵਿਧਾਇਕ ਸਵਰਗੀ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪੁਲੀਸ ਅਧਿਕਾਰੀ ਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਐਸ. ਪੀ. ਦਾ ਆਹੁਦਾ ਤਿਆਗ ਕੇ ਜੋਸ਼ ਨਾਲ ਸਿਆਸਤ ਵਿੱਚ ਕੁੱਦੇ ਹਨ। ਉਨ੍ਹਾਂ ਦਾ ਕਾਂਗਰਸ ਦੇ ਸਾਰੇ ਆਗੂਆਂ ਨਾਲ ਸਹਿਚਾਰ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਘਰੇਲੂ ਸਬੰਧ ਹਨ। ਉਨ੍ਹਾਂ ਚੋਣਾਂ ਦੀ ਤਿਆਰੀ ਲਈ ਕਰਮ ਕੱਸੀ ਹੋਈ ਹੈ। ਉਹ ਸਰਵੇ ਦੇ ਆਧਾਰ ’ਤੇ ਟਿਕਟ ਦੀ ਮੰਗ ਕਰਦੇ ਹਨ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਨਜੀਤ ਸਿੰਘ ਭੀੜਾ ਬਰਾੜ ਵੀ ਆਪਣੇ ਕੰਮ, ਵੋਟ ਬੈਂਕ ਤੇ ਟਕਸਾਲੀ ਆਗੂ ਦੀ ਯੋਗਤਾ ਕਾਰਣ ਟਿਕਟ ਮੰਗਦੇ ਹਨ। ਪੰਜਾਬ ਰਾਇਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਇਕੋ ਦਮ ਟਿਕਟ ਦੀ ਦਾਅਵੇਦਾਰੀ ਲਈ ਮੈਦਾਨ ਵਿੱਚ ਨਿੱਤਰੇ ਹਨ। ਚੋਣ ਅਬਜ਼ਰਵਰ ਹਰਸ਼ ਵਰਧਨ ਨਿਰੀਖਣ ਕਰ ਗਏ ਹਨ ਤੇ ਸੂਤਰਾਂ ਅਨੁਸਾਰ ਸਰਵੇ ਵੀ ਹੋ ਚੁੱਕਿਆ ਹੈ। ਇਹ ਵੀ ਸਪੱਸ਼ਟ ਹੈ ਕਿ ਜੇਕਰ ਕਾਂਗਰਸ ਨੇ ਚਾਹਵਾਨਾਂ ਦੀ ਸਹਿਮਤੀ ਬਣਾਕੇ ਟਿਕਟ ਨਾ ਦਿੱਤੀ ਤਾਂ ਇਨ੍ਹਾਂ ’ਚੋਂ ਕਈ ਬਾਗੀ ਹੋ ਕੇ ਆਜ਼ਾਦ ਚੋਣ ਲੜਨ ਤੋਂ ਵੀ ਪਿੱਛੇ ਨਹੀਂ ਹਟਣਗੇ। ਅਜਿਹੀ ਸਥਿਤੀ ਕਾਂਗਰਸ ਲਈ ਚਿੰਤਾਜਨਕ ਹੋ ਸਕਦੀ ਹੈ।