ਇਕਬਾਲ ਸਿੰਘ ਸ਼ਾਂਤ
ਲੰਬੀ, 20 ਜੂਨ
ਲੰਬੀ ਹਲਕੇ ‘ਚ ਢਾਣੀ ਕੱਟਿਆਂਵਾਲੀ ਨੇੜੇ ਮੁਨੀਮ ਨੂੰ ਜ਼ਖ਼ਮੀ ਕਰਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਅਤੇ ਉਸ ਦਾ ਰੁਪਇਆਂ ਵਾਲੀ ਬੈਗ ਖੋਹ ਕੇ ਲੈ ਗਏ। ਗੰਭੀਰ ਜ਼ਖ਼ਮੀ ਹਾਲਤ ’ਚ ਮੁਨੀਮ ਅਸ਼ਵਨੀ ਕੁਮਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਉਸ ਕੋਲ ਇੱਕ ਲੱਖ ਰੁਪਏ ਸੀ। ਉਹ ਦਿੱਲੀ ਟਾਇਰਜ਼ ਮਲੋਟ ਦੇ ਬਤੌਰ ਮੁਨੀਮ ਪਿੰਡਾਂ ‘ਚੋਂ ਰਕਮ ਦੀ ਉਗਰਾਹੀ ਕਰਕੇ ਲਿਆਉਂਦਾ ਹੈ। ਕੱਲ੍ਹ ਦੇਰ ਸ਼ਾਮ ਵੀ ਉਹ ਮੋਟਰਸਾਈਕਲ ‘ਤੇ ਪਿੰਡਾਂ ਵਿੱਚੋਂ ਉਗਰਾਹੀ ਕਰਕੇ ਮਲੋਟ ਵਾਪਸ ਜਾ ਰਿਹਾ ਸੀ। ਰਾਹ ਵਿੱਚ ਢਾਣੀ ਕੱੱਟਿਆਂਵਾਲੀ ਕੋਲ ਪਿੱਛਿਓਂ ਆਏ ਮੋਟਰਸਾਈਕਲ ਸਵਾਰਾਂ ਨੇ ਅਸ਼ਵਨੀ ਨੂੰ ਰੋਕਿਆ ਅਤੇ ਮਾਰ-ਕੁੱਟ ਕਰਕੇ ਸਿਰ ‘ਤੇ ਸੱਟ ਮਾਰ ਕੇ ਉਸ ਕੋਲੋਂ ਮੋਬਾਈਲ ਫੋਨ ਅਤੇ ਰੁਪਇਆਂ ਵਾਲੀ ਕਿੱਟ ਖੋਹ ਕੇ ਲੈ ਗਏ।
ਇਸੇ ਦੌਰਾਨ ਨੇੜਲੇ ਖੇਤਾਂ ਵਿੱਚੋਂ ਕਿਸਾਨ ਮਨਪ੍ਰੀਤ ਸਿੰਘ ਨੇ ਰੌਲਾ ਪਾ ਦਿੱਤਾ ਜਿਸ ‘ਤੇ ਇੱਕ ਗੱਡੀ ਰੋਕ ਕੇ ਗੰਭੀਰ ਜਖ਼ਮੀ ਅਸ਼ਵਨੀ ਨੂੰ ਸਰਕਾਰੀ ਹਸਪਤਾਲ ਮਲੋਟ ਦਾਖ਼ਲ ਕਰਵਾਇਆ ਗਿਆ। ਦਿੱਲੀ ਟਾਇਰਜ਼ ਦੇ ਮਾਲਕ ਸੁਖਬੀਰ ਸਿੰਘ ਮੱਕੜ ਨੇ ਦੱਸਿਆ ਕਿ ਅਸ਼ਵਨੀ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਲੁੱਟ ਦੀ ਰਕਮ ਬਾਰੇ ਪੁੱਛਣ ‘ਤੇ ਆਖਿਆ ਕਿ ਪਹਿਲਾਂ ਉਨ੍ਹਾਂ ਲਈ ਅਸ਼ਵਨੀ ਦੀ ਜ਼ਿੰਦਗੀ ਹੈ। ਉਹ ਵੀਹ ਸਾਲ ਤੋਂ ਉਨ੍ਹਾਂ ਕੋਲ ਕੰਮ ਕਰਦਾ ਹੈ। ਦੁਕਾਨ ਨੇੜਲੇ ਸੂਤਰਾਂ ਅਨੁਸਾਰ ਲੁੱਟ ‘ਚ ਲਗਪਗ ਇੱਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਹੋਣ ਦਾ ਅਨੁਮਾਨ ਹੈ। ਥਾਣਾ ਕਬਰਵਾਲਾ ਵੱਲੋਂ ਕਿਸਾਨ ਮਨਪ੍ਰੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।