ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 16 ਨਵੰਬਰ
ਪਿਛਲੇ ਮਹੀਨੇ ਕਤਲ ਕੀਤੇ ਗਏ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਮਾਮਲੇ ਵਿੱਚ ਬਣੀ 21 ਮੈਂਬਰੀ ਇਨਸਾਫ ਕਮੇਟੀ ਨੇ ਇਸ ਮਾਮਲੇ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨੂੰ 30 ਨਵੰਬਰ ਤੱਕ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿੱਚ ਸੰਬੋਧਨ ਕਰਦਿਆਂ ਇਨਸਾਫ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਅਜਨਾਲਾ ਅਤੇ ਪੰਥਕ ਆਗੂ ਸੁਖਜੀਤ ਸਿੰਘ ਖੋਸਾ ਨੇ ਆਖਿਆ ਕਿ ਫ਼ਰੀਦਕੋਟ ਪੁਲੀਸ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਕੱਢਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਪੁਲੀਸ ਨੂੰ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਰਸ਼ ਡਾਲਾ ਨੂੰ ਭਾਰਤ ਲਿਆ ਕੇ ਇਸ ਕੇਸ ਵਿੱਚ ਗ੍ਰਿਫ਼ਤਾਰੀ ਪਾਉਣੀ ਚਾਹੀਦੀ ਹੈ। ਪੰਥਕ ਆਗੂਆਂ ਨੇ ਆਖਿਆ ਕਿ ਗੁਰਪ੍ਰੀਤ ਸਿੰਘ ਹਰੀਨੌਂ ਨੂੰ ਸਮਰਪਿਤ ਪਹਿਲੀ ਦਸੰਬਰ ਨੂੰ ਉਸ ਦੇ ਪਿੰਡ ਹਰੀਨੌਂ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਨ੍ਹਾਂ ਪੰਜਾਬ ਪੁਲੀਸ ਨੂੰ ਅਲਟੀਮੇਟ ਦਿੰਦਿਆਂ ਆਖਿਆ ਕਿ ਸਮਾਗਮ ਤੋਂ ਪਹਿਲਾਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰੀ ਕੀਤਾ ਜਾਵੇ। ਜੇ ਕੋਈ ਕਾਰਵਾਈ ਨਾ ਹੋਈ ਤਾਂ ਉਹ ਅਗਲੇ ਸੰਘਰਸ਼ ਦੀ ਰੂਪ-ਰੇਖਾ ਸਮਾਗਮ ਵਿੱਚ ਉਲੀਕਣਗੇ। ਉਨ੍ਹਾਂ ਆਖਿਆ ਕਿ ਗੁਰਪ੍ਰੀਤ ਹਰੀਨੌਂ ਸਿੱਖ ਪੰਥ ਦਾ ਹੋਣਹਾਰ ਨੌਜਵਾਨ ਸੀ। ਉਸ ਦੀ ਮੌਤ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ਕਰ ਕੇ ਹੋਈ, ਉਹ ਹਮੇਸ਼ਾਂ ਸੱਚ ਬੋਲਦਾ ਸੀ, ਉਸ ਦੀ ਕੁਰਬਾਨੀ ਬੇਕਾਰ ਨਹੀਂ ਹੋਵੇਗੀ ਤੇ ਨਾ ਹੀ ਸਿੱਖ ਪੰਥ ਉਸਦੇ ਕਤਲ ਦਾ ਮਸਲਾ ਫਾਈਲਾਂ ਵਿੱਚ ਰੁਲਣ ਦੇਵੇਗਾ।