ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਜੂਨ
ਇਥੇ ਈ-ਰਿਕਸ਼ਾ ਚਾਲਕ ਨੇ ਬਜ਼ੁਰਗ ਦੁਕਾਨਦਾਰ ਦੀ ਆਪਣੇ ਘਰ ਵਿੱਚ ਤੇਜ਼ਧਾਰ ਹਥਿਆਰ ਨਾਲ ਕਥਿਤ ਤੌਰ ’ਤੇ ਹੱਤਿਆ ਕਰਨ ਬਾਅਦ ਲਾਸ਼ ਬੋਰੀ ਵਿੱਚ ਪਾ ਕੇ ਸ਼ਹਿਰ ਦੀ ਹੱਦ ਉੱਤੇ ਖੇਤਾਂ ਵਿੱਚ ਸੁੱਟ ਦਿੱਤੀ। ਦੋਹਾਂ ਦਾ ਆਪਸ ਵਿੱਚ ਪੈਸਿਆਂ ਸਬੰਧੀ ਵਿਵਾਦ ਦੱਸਿਆ ਗਿਆ ਹੈ।
ਥਾਣਾ ਸਿਟੀ (ਦੱਖਣੀ) ਮੁਖੀ ਇੰਸਪੈਕਟਰ ਬਲਰਾਜ ਮੋਹਣ ਨੇ ਦੱਸਿਆ ਕਿ ਮ੍ਰਿਤਕ ਹਰਮੀਤ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਵਾਸੀ ਮਹੁੱਲਾ ਸੋਢੀਆਂ ਦੇ ਬਿਆਨ ਉੱਤੇ ਸੁਖਦੇਵ ਸਿੰਘ ਵਾਸੀ ਪੀਪਿਆਂ ਵਾਲੀ ਗਲੀ ਮੋਗਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਗੁਰਦੀਪ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਕਰਿਆਨਾ ਸਟੋਰ ਦੀ ਦੁਕਾਨ ਹੈ। ਉਸ ਦਾ ਪਿਤਾ ਹਰਮੀਤ ਸਿੰਘ (65), 26 ਜੂਨ ਨੂੰ ਦੁਕਾਨ ਤੋਂ ਘਰ ਵਾਪਸ ਆਇਆ ਸੀ। ਉਸ ਨੂੰ ਫੋਨ ਆਇਆ ’ਤੇ ਫੋਨ ਸੁਣ ਕੇ ਘਰੋਂ ਚਲਾ ਗਿਆ ਜੋ ਬਾਅਦ ਵਿਚ ਘਰ ਵਾਪਸ ਨਹੀਂ ਆਇਆ। ਥਾਣਾ ਸਿਟੀ ਸਾਊਥ ਜਾ ਕੇ ਮਾਮਲੇ ਬਾਰੇ ਇਤਲਾਹ ਦਿੱਤੀ ਤਾਂ ਪੁਲੀਸ ਨੇ ਦੱਸਿਆ ਕਿ ਸਿਵਲ ਹਸਤਪਾਲ ਵਿੱਚ ਅਣਪਛਾਤੀ ਲਾਸ਼ ਪਈ ਹੈ। ਉਸ ਨੇ ਲਾਸ਼ ਦੇਖੀ ਜੋ ਉਸ ਦੇ ਪਿਤਾ ਹਰਮੀਤ ਸਿੰਘ ਦੀ ਸੀ। ਉਸ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ। ਹਰਮੀਤ ਸਿੰਘ ਦਾ ਆਪਣੇ ਹੀ ਦੋਸਤ ਸੁਖਦੇਵ ਸਿੰਘ ਨਾਲ ਪੈਸਿਆ ਦਾ ਲੈਣ-ਦੇਣ ਦਾ ਝਗੜਾ ਸੀ। ਗੁਰਦੀਪ ਸਿੰਘ ਅਨੁਸਾਰ ਮੁਲਜ਼ਮ ਸੁਖਦੇਵ ਸਿੰਘ ਨੇ ਹੀ ਪੈਸਿਆਂ ਕਰਕੇ ਉਸ ਦੇ ਪਿਤਾ ਦੀ ਕਥਿਤ ਤੌਰ ’ਤੇ ਹੱਤਿਆ ਕੀਤੀ ਹੈ। ਸੀਸੀਟੀਵੀ ਫੁਟੇਜ਼ ਮੁਤਾਬਕ ਹਰਮੀਤ ਸਿੰਘ 26 ਜੂਨ ਨੂੰ ਮੁਲਜ਼ਮ ਦੇ ਘਰ ਸਾਈਕਲ ਉੱਤੇ ਗਿਆ ਸੀ। ਇਸ ਤੋਂ ਬਾਅਦ ਸੁਖਦੇਵ ਸਿੰਘ ਗਲੀ ’ਚ ਸਾਈਕਲ ਉੱਤੇ ਜਾ ਰਿਹਾ ਹੈ। ਪੁਲੀਸ ਨੇ ਸਾਈਕਲ ਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ।
ਬੇਰੁਜ਼ਗਾਰ ਨੌਜਵਾਨ ਵੱਲੋਂ ਆਤਮਹੱਤਿਆ
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਬੇਦੀ ਨਗਰ ਵਿੱਚ ਸੁਰਿੰਦਰ ਕੁਮਾਰ (27) ਨੇ ਨੌਕਰੀ ਨਾ ਮਿਲਣ ਕਾਰਨ ਜ਼ਹਿਰੀਲੀ ਦਵਾਈ ਨਿਗਲ ਲਈ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਂਚ ਅਧਿਕਾਰੀ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਦੇ ਪਿਤਾ ਉਡੀਕ ਚੰਦ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਸੁਰਿੰਦਰ ਕੁਮਾਰ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਨੇ ਵਿਦੇਸ਼ ਜਾਣ ਲਈ ਆਪਣੀ ਫਾਈਲ ਵੀ ਲਾਈ ਪਰ ਕਰੋਨਾ ਤਾਲਾਬੰਦੀ ਕਾਰਨ ਵਿਦੇਸ਼ ਜਾਣ ਦਾ ਸੁਫਨਾ ਵੀ ਪੂਰਾ ਨਹੀਂ ਹੋ ਸਕਿਆ। ਉਸ ਨੇ 26 ਜੂਨ ਨੂੰ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਲੁਧਿਆਣਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸ ਨੇ ਦਮ ਤੋੜ ਦਿੱਤਾ।