ਪੱਤਰ ਪ੍ਰੇਰਕ
ਮਾਨਸਾ, 9 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ‘ਚੋਰਨੀ’ ਗੀਤ ’ਤੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਸ ਦੇ ਪ੍ਰਤੀ ਲੋਕਾਂ ਦੇ ਪਿਆਰ ਦਾ ਇਸ ਗੀਤ ਨੂੰ ਮਿਲੇ ਲੱਖਾਂ ਵਿਊ ਤੋਂ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਲੋਕਾਂ ਦੇ ਦਿਲਾਂ ’ਚ ਜਿਊਂਦਾ ਹੈ। ਉਹ ਅੱਜ ਪਿੰਡ ਮੂਸਾ ਵਿਖੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਗੀਤ ’ਤੇ ਪ੍ਰਤੀਕਿਰਿਆ ਦੇਣ ਵਾਲਿਆਂ ’ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਨਸੀਹਤ ਦਿੱਤੀ ਕਿ ‘ਚੋਰਨੀ’ ਰਿਲੀਜ਼ ਹੋਣ ਮਗਰੋਂ ਬਹੁਤਿਆਂ ਦੇ ਢਿੱਡ ਪੀੜ ਹੋਈ ਹੈ। ਉਨ੍ਹਾਂ ਕਿਹਾ ਕਿ ਗੀਤ ਮਨੋਰੰਜਨ ਲਈ ਹੁੰਦਾ ਹੈ।
ਇਸੇ ਦੌਰਾਨ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜੇਕਰ ਮਰਿਆ ਵੀ ਹੈ ਤਾਂ ਬਹਾਦਰੀ ਨਾਲ ਮਰਿਆ, ਜ਼ਿੰਦਾਦਿਲੀ ਨਾਲ ਮਰਿਆ, ਉਸ ’ਚ ਦੋਗਲਾਪਣ ਨਹੀਂ ਸੀ ਅਤੇ ਉਹ ਆਪਣੇ ਪੁੱਤ ’ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸ ਤਰ੍ਹਾਂ ਇੰਨੀਆਂ ਉਚਾਈਆਂ ’ਤੇ ਪਹੁੰਚਿਆ ਇਸ ਬਾਰੇ ਇਹ ਮਾੜਾ ਬੋਲਣ ਵਾਲੇ ਨਹੀਂ ਜਾਣਦੇ ਹਨ।