ਪੱਤਰ ਪ੍ਰੇਰਕ
ਮਾਨਸਾ, 21 ਜਨਵਰੀ
ਮਾਲਵਾ ਦੇ ਪਿੰਡਾਂ ਵਿਚੋਂ ਕਿਸੇ ਸਮੇਂ ਸ਼ਹਿਰਾਂ ਵਿਚ ਸਾਗ ਆਉਂਦਾ ਸੀ, ਪਰ ਹੁਣ ਨਵੇਂ ਜਮਾਨੇ ਵਿਚ ਸ਼ਹਿਰਾਂ ’ਚੋਂ ਸਾਗ ਪਿੰਡਾਂ ਵਿਚ ਜਾਣ ਲੱਗਾ ਹੈ। ਭਾਵੇਂ ਦੱਖਣੀ ਪੰਜਾਬ ਵਿਚੋਂ ਸਰ੍ਹੋਂ ਦੀ ਖੇਤੀ ਖ਼ਤਮ ਹੋਣ ਲੱਗੀ ਹੈ, ਪਰ ਕਿਸਾਨ ਇਸ ਨੂੰ ਸਾਗ ਲਈ ਪਹਿਲਾਂ ਦੇ ਮੁਕਾਬਲੇ ਵੱਧ ਬੀਜਣ ਲੱਗੇ ਹਨ। ਹੁਣ ਸਾਗ ਵਾਲੀ ਸਰ੍ਹੋਂ ਦੀਆਂ ਗੁੱਟੀਆਂ ਕਿਸਾਨਾਂ ਲਈ ਮੁਨਾਫ਼ੇ ਵਾਲੀਆਂ ਬਣਨ ਲੱਗੀਆਂ ਹਨ।
ਇਸ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਜ਼ਮਾਨੇ ਵਿਚ ਹੁਣ ਸਰ੍ਹੋਂ ਦੀ ਖੇਤੀ ਭਾਵੇਂ ਕਣਕ ਦੇ ਮੁਕਾਬਲੇ ਲਾਹੇਵੰਦ ਮੰਨੀ ਜਾਂਦੀ ਹੈ, ਪਰ ਨਵੀਂ ਪੀੜ੍ਹੀ ਦੇ ਕਿਸਾਨ ਇਸ ਫ਼ਸਲ ਵੱਲ ਮੂੰਹ ਨਹੀਂ ਕਰ ਰਹੇ ਹਨ। ਸਰ੍ਹੋਂ ਨੂੰ ਸਾਗ ਦੇ ਰੂਪ ‘ਚ ਬੀਜਣ ਵਾਲੇ ਕਿਸਾਨਾਂ ਗੋਰਾ ਸਿੰਘ ਅਤੇ ਧੰਨਾ ਸਿੰਘ ਦਾ ਕਹਿਣਾ ਹੈ ਕਿ ਸਾਗ ਨੂੰ ਵੇਚ ਕੇ ਤੁਰੰਤ ਪੈਸੇ ਵੱਟੇ ਜਾਂਦੇ ਹਨ, ਜਦੋਂ ਕਿ ਸਰ੍ਹੋਂ ਨੂੰ ਛੇ ਮਹੀਨੇ ਖੇਤਾਂ ਵਿਚ ਰੱਖਕੇ ਪੈਸੇ ਆਉਣ ਦੀ ਕੋਈ ਉਮੀਦ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਕਾਵੀਂ ਸਰ੍ਹੋਂ ਲਈ ਖੇਤੀ ਵਿਭਾਗ ਦੀਆਂ ਕਿਸਮਾਂ ਵੀ ਬਹੁਤੀਆਂ ਕਾਰਗਰ ਸਾਬਤ ਨਹੀਂ ਹੋਈਆਂ ਹਨ, ਜਦੋਂ ਕਿ ਸਰ੍ਹੋਂ ਦੇ ਰੂਪ ’ਚ ਸਾਗ ਲਈ ਕਈ ਕੰਪਨੀਆਂ ਦੇ ਹਾਈਬ੍ਰਿਡ ਬੀਜਾਂ ਨੇ ਕਿਸਾਨਾਂ ਦੀ ਆਮਦਨ ’ਚ ਖਾਸਾ ਵਾਧਾ ਕੀਤਾ ਹੈ। ਜਾਣਕਾਰੀ ਮੁਤਾਬਿਕ ਕਿਸਾਨ ਹੁਣ ਸਰ੍ਹੋਂ ਦੇ ਸਾਗ ਨੂੰ ਗੁੱਟੀਆਂ ਦੇ ਰੂਪ ਵਿਚ ਸਿੱਧਾ ਗਾਹਕਾਂ ਨੂੰ ਵੇਚਣ ਲੱਗੇ ਹਨ, ਜਦੋਂ ਕਿ ਪਿੰਡਾਂ ਵਾਲੇ ਲੋਕ ਵੀ ਸ਼ਹਿਰਾਂ ’ਚ ਆ ਕੇ ਸਾਗ ਲਈ ਸਰ੍ਹੋਂ ਖਰੀਦਦੇ ਹਨ। ਸਰ੍ਹੋਂ ਦੇ ਨਾਲ ਹੀ ਗਾਹਕ ਨੂੰ ਇਸ ਵਿਚ ਪਾਉਣ ਲਈ ਪਾਲਕ, ਬਾਥੂ, ਅਦਰਕ, ਲਸਣ ਤੇ ਮੇਥੇ ਦੀ ਵੀ ਨਾਲ ਹੀ ਵਿਕਰੀ ਹੋ ਜਾਂਦੀ ਹੈ।
ਖੇਤੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਰ੍ਹੋਂ ਦੀ ਬਿਜਾਈ ਲਈ ਵਿਭਾਗ ਭਾਵੇਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਕਿਸਾਨ ਸਰ੍ਹੋਂ ਤੋਂ ਕਿਨਾਰਾ ਕਰਨ ਲੱਗੇ ਹਨ।