ਨਿਜੀ ਪੱਤਰ ਪ੍ਰੇਰਕ
ਫਾਜ਼ਿਲਕਾ, 30 ਅਗਸਤ
ਪੁਲੀਸ ਨੇ ਮੰਡੀ ਅਰਨੀਵਾਲਾ ’ਚ ਇਕ ਵਿਆਹੁਤਾ ਲੜਕੀ ਦੀ ਭੇਦਭਰੇ ਹਾਲਾਤਾਂ ’ਚ ਮੌਤ ਹੋਣ ਸਬੰਧੀ 2 ਔਰਤਾਂ ਸਣੇ 5 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ’ਚ ਰਿਤਿਕ ਗੁੰਬਰ ਵਾਸੀ ਨਵੀਂ ਆਬਾਦੀ, ਅਬੋਹਰ ਨੇ ਦੱਸਿਆ ਕਿ ਉਹ ਤਿੰਨ ਭੈਣ ਭਰਾ ਹਨ। ਜਿਨ੍ਹਾਂ ’ਚੋਂ ਸਭ ਤੋਂ ਵੱਡੀ ਭੈਣ ਸਾਜੀਆ ਹੈ ਜਿਸ ਦਾ ਵਿਆਹ ਜੂਨ 2018 ’ਚ ਸ਼ੁਭਮ ਵਾਸੀ ਅਰਨੀਵਾਲਾ ਨਾਲ ਹੋਇਆ ਸੀ ਤੇ ਵਿਆਹ ਤੋਂ ਇਕ ਸਾਲ ਬਾਅਦ ਉਸ ਦੇ ਲੜਕੇ ਗੁਰਵਿਸ਼ ਨੇ ਜਨਮ ਲਿਆ ਤੇ 6 ਮਹੀਨੇ ਪਹਿਲਾਂ ਗੁਰਵਿਸ਼ ਦੀ ਮੌਤ ਹੋ ਗਈ ਸੀ ਤੇ ਸਾਜੀਆ ਦਾ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਤੇ ਕੁੱਟਮਾਰ ਕਰਦਾ ਸੀ ਕਿ ਵਿਆਹ ’ਚ ਉਸ ਨੇ ਇਨੋਵਾ ਕਾਰ ਕਿਉਂ ਨਹੀਂ ਲਿਆਂਦੀ। ਉਸ ਨੇ ਦੱਸਿਆ ਕਿ 28 ਅਗਸਤ ਨੂੰ ਦੁਪਹਿਰ 1.55 ਵਜੇ ਉਸ ਨੂੰ ਉਸ ਦੇ ਜੀਜੇ ਸ਼ੁਭਮ ਦਾ ਫੋਨ ਆਇਆ ਕਿ ਆਪਣੀ ਭੈਣ ਸਾਜੀਆ ਨੂੰ ਲੈ ਜਾਓ। ਜਦੋਂ ਉਹ ਪਰਿਵਾਰ ਸਣੇ ਭੈਣ ਦੇ ਸਹੁਰੇ ਘਰ ਪੁੱਜਾ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਹਸਪਤਾਲ ’ਚ ਦਾਖ਼ਲ ਹੈ। ਜਦੋਂ ਉਹ ਹਸਪਤਾਲ ਪੁੱਜਾ ਤਾਂ ਉਸ ਮੂੰਹ ’ਚੋਂ ਸਲਫ਼ਾਸ ਦੀ ਮੁਸ਼ਕ ਆ ਰਹੀ ਸੀ ਤੇ ਉਸ ਦੀ ਭੈਣ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਧੱਕੇ ਨਾਲ ਸਲਫਾਸ ਪਿਆ ਦਿੱਤੀ ਹੈ। ਜਿਸ ਮਗਰੋਂ ਉਹ ਆਪਣੀ ਭੈਣ ਨੂੰ ਇਲਾਜ ਲਈ ਬਠਿੰਡਾ ਲੈ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਜਾਂਚ ਕਰਨ ਤੋਂ ਬਾਅਦ ਰਿਤਿਕ ਗੁੰਬਰ ਦੇ ਬਿਆਨਾਂ ’ਤੇ ਲੜਕੀ ਦੇ ਸਹੁੱਰੇ ਪਰਿਵਾਰ ਸ਼ੁਭਮ, ਅਯੂਸ਼, ਚਾਂਦਨੀ, ਸੁਨੀਤਾ ਰਾਣੀ, ਬ੍ਰਹਮ ਪ੍ਰਕਾਸ਼ ਉਰਫ਼ ਬਿੱਟੂ ਬਜਾਜ ਵਾਸੀ ਅਰਨੀਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।