ਬਲਜੀਤ ਸਿੰਘ
ਸਰਦੂਲਗੜ੍ਹ,12 ਮਈ
ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਸਹਿਰ ਵਿੱਚ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹਰ ਵਾਰ ਦੀ ਤਰ੍ਹਾਂ ਇਹ ਨਾਜਾਇਜ਼ ਕਬਜ਼ੇ ਸਿਰਫ ਹਸਪਤਾਲ ਰੋਡ ’ਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੱਕ ਹੀ ਸਿਮਟ ਕੇ ਰਹਿ ਗਏ। ਨਗਰ ਪੰਚਾਇਤ ਸਰਦੂਲਗੜ੍ਹ ਦੇ ਕਾਰਜ ਸਾਧਕ ਅਫਸਰ ਤਰੁਨ ਕੁਮਾਰ ਵੱਲੋਂ ਨਾਇਬ ਤਹੀਸੀਲਦਾਰ ਬਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਵੱਡੇ ਪੱਧਰ ’ਤੇ ਪੁਲੀਸ ਮੁਲਾਜ਼ਮ ਤੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਦੋਂ ਨਾਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਗਏ ਪਰ ਸਮੂਹ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਅਤੇ ਕਬਜ਼ੇ ਹਟਾਉਣ ਲਈ ਵਰਤੀ ਜਾ ਰਹੀ ਜੇਸੀਬੀ ਮਸ਼ੀਨ ਅੱਗੇ ਆ ਕੇ ਉਸ ਨੂੰ ਰੋਕ ਦਿੱਤਾ। ਦੁਕਾਨਦਾਰਾਂ ਵੱਲੋਂ ਹਸਪਤਾਲ ਰੋਡ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਦੁਕਾਨਦਾਰਾਂ ਦੇ ਵਿਰੋਧ ਨੂੰ ਵੇਖਦਿਆਂ ਨਗਰ ਪੰਚਾਇਤ ਸਰਦੂਲਗੜ੍ਹ ਅਤੇ ਪ੍ਰਸ਼ਾਸਨ ਨੂੰ ਬੇਰੰਗ ਵਾਪਸ ਮੁੜਨਾ ਪਿਆ। ਦੁਕਾਨਦਾਰਾਂ ਨੇ ਰੋਸ ਪ੍ਰਗਟਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਅਗਾਉਂ ਨੋਟਿਸ ਦਿੱਤਾ ਗਿਆ ਹੈ। ਬੇਸ਼ੱਕ ਪੂਰੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਲੋਕਾਂ ਵੱਲੋਂ ਗ਼ੈਰਕਾਨੂੰਨੀ ਕੰਮ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਵੱਲ ਵੇਖਣ ਦੀ ਬਜਾਏ ਹਰ ਵਾਰ ਹਸਪਤਾਲ ਰੋਡ ਦੇ ਦੁਕਾਨਦਾਰਾਂ ’ਤੇ ਆਪਣਾ ਨਜ਼ਲਾ ਝਾੜ ਕੇ ਮੁੜ ਜਾਂਦਾ ਹੈ।
ਇਸ ਸਬੰਧੀ ਕਾਰਜ ਸਾਧਕ ਅਫਸਰ ਤਰੁਨ ਕੁਮਾਰ ਨੇ ਕਿਹਾ ਕਿ ਹਸਪਤਾਲ ਰੋਡ ਉੱਪਰ ਨਾਜਾਇਜ਼ ਕਬਜ਼ੇ ਹਟਾ ਰਹੇ ਸੀ ਪਰ ਦੁਕਾਨਦਾਰਾਂ ਦੇ ਵਿਰੋਧ ਕਾਰਨ ਨਾਜਾਇਜ਼ ਕਬਜ਼ੇ ਨਹੀਂ ਹਟਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਦੁਕਾਨਦਾਰਾਂ ਨੇ ਨਾਇਬ ਤਹੀਸੀਲਦਾਰ ਨਾਲ ਮੀਟਿੰਗ ਕਰਕੇ ਐਤਵਾਰ ਤੱਕ ਆਪਣੇ ਆਪ ਕਬਜ਼ੇ ਹਟਾ ਦੇਣ ਦਾ ਭਰੋਸਾ ਦਿੱਤਾ ਹੈ ਤੇ ਜੇ ਐਤਵਾਰ ਤੱਕ ਨਾਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਨਗਰ ਪੰਚਾਇਤ ਸੋਮਵਾਰ ਨੂੰ ਆਪਣੀ ਕਾਰਵਾਈ ਕਰੇਗੀ।