ਭਗਵਾਨ ਦਾਸ ਗਰਗ
ਨਥਾਣਾ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨਥਾਣਾ ਮੰਡੀ ਵਿੱਚ ਝੋਨੇ ਵੇਚਣ ਆਏ ਕਿਸਾਨਾਂ ਨੇ ਅੱਜ ਦੁਪਹਿਰ ਬੋਲੀ ਲਗਵਾਉਣ ਤੋਂ ਬਾਅਦ ਪਨਸਪ ਅਤੇ ਮਾਰਕਫੈੱਡ ਦੇ ਇੰਸਪੈਕਟਰਾਂ ਦਾ ਕੱਲ੍ਹ ਤੋਂ ਘਿਰਾਓ ਖ਼ਤਮ ਕੀਤਾ। ਦੋਵੇਂ ਇੰਸਪੈਕਟਰਾਂ ਵੱਲੋਂ ਅੱਜ 40 ਹਜ਼ਾਰ ਤੋਂ ਵੱਧ ਗੱਟੇ ਝੋਨੇ ਦੀ ਖ਼ਰੀਦ ਕੀਤੀ ਗਈ। ਉਕਤ ਇੰਸਪੈਕਟਰਾਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕਿਸਾਨਾਂ ਵੱਲੋਂ ਕਮੇਟੀ ਦੇ ਦਫ਼ਤਰ ਵਿੱਚ ਹੀ ਰਾਤ ਭਰ ਬੰਦੀ ਬਣਾ ਕੇ ਰੱਖਿਆ ਗਿਆ। ਦੱਸਣਯੋਗ ਹੈ ਕਿ ਨਥਾਣਾ ਮੰਡੀ ’ਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਅੱਕੇ ਕਿਸਾਨਾਂ ਨੇ ਕੱਲ੍ਹ ਸ਼ਾਮ ਪਨਸਪ ਅਤੇ ਮਾਰਕਫੈੱਡ ਦੇ ਇੰਸਪੈਕਟਰਾਂ ਦਾ ਮਾਰਕੀਟ ਕਮੇਟੀ ਦੇ ਸਕੱਤਰ ਸਮੇਤ ਘਿਰਾਓ ਕਰ ਲਿਆ ਸੀ। ਦੇਰ ਰਾਤ ਨਾਇਬ ਤਹਿਸੀਲਦਾਰ ਨਥਾਣਾ ਨੇ ਮੌਕੇ ’ਤੇ ਪੁੱਜ ਕੇ ਗੱਲਬਾਤ ਰਾਹੀਂ ਸਮੱਸਿਆ ਹੱਲ ਕਰਵਾਉਣ ਦਾ ਯਤਨ ਕੀਤਾ ਪ੍ਰੰਤੂ ਯੂਨੀਅਨ ਆਗੂ ਸਾਰੀ ਜਿਣਸ ਦੀ ਖ਼ਰੀਦ ਕਰਨ ਦੀ ਮੰਗ ’ਤੇ ਅੜੇ ਰਹੇ। ਨਤੀਜੇ ਵਜੋਂ ਇਨ੍ਹਾਂ ਅਧਿਕਾਰੀਆਂ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਅੰਦਰ ਅਤੇ ਕਿਸਾਨਾਂ ਨੂੰ ਦਫ਼ਤਰ ਦੇ ਬਾਹਰ ਧਰਨੇ ’ਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਲੰਘੀ ਰਾਤ ਨੂੰ ਇੱਕ ਵਾਰ ਬੋਲੀ ਲਾਉਣ ਦੀ ਗੱਲ ਚੱਲੀ ਪਰ ਉਸ ਸਮੇਂ ਤੱਕ ਆੜ੍ਹਤੀਏ ਆਪਣੇ ਘਰ ਜਾ ਚੁੱਕੇ ਜਾ ਸਨ। ਇੰਸਪੈਕਟਰਾਂ ਵੱਲੋਂ ਯੂਨੀਅਨ ਦੀ 20 ਫੀਸਦੀ ਨਮੀ ਵਾਲੀ ਮੰਗ ਪੂੁਰੀ ਤਰ੍ਹਾਂ ਠੁਕਰਾ ਦਿੱਤੀ ਗਈ। ਉਂਜ ਮਾਰਕਫੈਡ ਇੰਸਪੈਕਟਰ ਹਰਸਿਮਰਨ ਗਰੋਵਰ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰੀ ਮਾਪਦੰਡਾਂ ਮੁਤਾਬਿਕ ਨਥਾਣਾ ਮੰਡੀ ’ਚੋਂ ਝੋਨੇ ਦੀ ਰੋਜ਼ਾਨਾ ਖਰੀਦ ਕੀਤੀ ਜਾਵੇਗੀ ਅਤੇ ਢੋਆ-ਢੁਆਈ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਧਰਨਾ ਚੁੱਕਾ ਕੇ ਘਿਰਾਓ ਖ਼ਤਮ ਕੀਤਾ ਗਿਆ।