ਭਗਵਾਨ ਦਾਸ ਗਰਗ
ਨਥਾਣਾ, 2 ਨਵੰਬਰ
ਨਥਾਣਾ ’ਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਮੰਡੀ ’ਚ ਰੁਲ ਰਹੇ ਕਿਸਾਨਾਂ ਨੇ ਅੱਜ ਸ਼ਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਨਸਪ ਅਤੇ ਮਾਰਕਫੈੱਡ ਦੇ ਇੰਸਪੈਕਟਰਾਂ ਦਾ ਘਿਰਾਓ ਕਰ ਲਿਆ। ਖਰੀਦ ਏਜੰਸੀਆ ਦੇ ਅਧਿਕਾਰੀਆਂ, ਆੜ੍ਹਤੀਆ, ਮਾਰਕੀਟ ਕਮੇਟੀ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਵੀ ਹੋਈ ਪਰ ਬੇਸਿੱਟਾ ਰਹੀ। ਖਰੀਦ ਏਜੰਸੀਆਂ ਦੇ ਅਧਿਕਾਰੀ ਕੱਲ੍ਹ ਸਵੇਰੇ ਬੋਲੀ ਲਾਉਣ ਦਾ ਭਰੋਸਾ ਦੇ ਰਹੇ ਸਨ ਜਦਕਿ ਯੂਨੀਅਨ ਆਗੂ ਸਫ਼ਾਈ ਕੀਤੇ ਸਾਰੇ ਝੋਨੇ ਦੀ ਅੱਜ ਦੇਰ ਰਾਤ ਤੱਕ ਬੋਲੀ ਲਵਾਉਣ ਲਈ ਅੜੇ ਰਹੇ। ਯੂਨੀਅਨ ਆਗੂਆਂ ਵੱਲੋਂ ਗੁਰਦਵਾਰੇ ਦੇ ਸਪੀਕਰ ਰਾਹੀਂ ਮੁਨਾਦੀ ਕਰ ਕੇ ਮਹਿਲਾ ਕਿਸਾਨ ਵਰਕਰਾਂ ਨੂੰ ਵੀ ਇਸ ਘਿਰਾਓ ਵਿੱਚ ਸ਼ਾਮਲ ਕੀਤਾ ਗਿਆ। ਨਤੀਜੇ ਵਜੋਂ ਖ਼ਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨਥਾਣਾ ਦੀ ਅਨਾਜ ਮੰਡੀ ਵਿਚ ਦੀਵਾਲੀ ਤੋਂ ਪਹਿਲਾਂ ਝੋਨੇ ਦੀ ਖਰੀਦ ਬੰਦ ਕੀਤੀ ਹੋਈ ਹੈ। ਉਕਤ ਏਜੰਸੀਆਂ ਦੇ ਅਧਿਕਾਰੀ ਨਮੀ ਦੇ ਮਾਪਦੰਡ ਪੂਰੇ ਹੋਣ ਦੇ ਬਾਵਜੂਦ ਝੋਨੇ ਦੀ ਖਰੀਦ ਕਰਨ ਤੋਂ ਟਾਲਾ ਵੱਟ ਰਹੇ ਹਨ। ਇਸ ਸਬੰਧੀ ਉਹ ਢੋਆ-ਢੁਆਈ ਦੀ ਸਮੱਸਿਆ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕਿਸਾਨਾਂ ਮੁਤਾਬਿਕ ਉਨ੍ਹਾਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਵੀ ਆਪਣੇ ਘਰਾਂ ’ਚ ਜਾਣ ਦੀ ਰਾਹਤ ਨਹੀਂ ਮਿਲ ਸਕੀ। ਅੱਜ ਬਾਅਦ ਦੁਪਹਿਰ ਪਨਸਪ ਦੇ ਇੰਸਪੈਕਟਰ ਅਮਨਦੀਪ ਕੁਮਾਰ ਵੱਲੋ ਨਥਾਣਾ ਦੇ ਖਰੀਦ ਕੇਦਰ ’ਚ ਆ ਕੇ ਨਮੀ ਦੀ ਮਾਤਰਾ ਵੱਧ ਹੋਣ ਦੀ ਦਲੀਲ ਦੇ ਕੇ ਝੋਨੇ ਦੀ ਖਰੀਦ ਕਰਨ ਤੋਂ ਟਾਲ-ਮਟੋਲ ਕੀਤੀ ਗਈ ਤਾਂ ਬੀਤੇ ਕਈ ਦਿਨਾਂ ਤੋਂ ਅੱਕੇ ਬੈਠੇ ਕਿਸਾਨਾਂ ਨੇ ਖਰੀਦ ਏਜੰਸੀ ਦੇ ਅਧਿਕਾਰੀ ਦਾ ਘਿਰਾਓ ਕਰ ਲਿਆ। ਯੂਨੀਅਨ ਆਗੂਆਂ ਦਬਾਅ ਦੇ ਕੇ ਮਾਰਕਫੈੱਡ ਅਧਿਕਾਰੀ ਨੂੰ ਵੀ ਬੁਲਾ ਲਿਆ ਅਤੇ ਝੋਨੇ ਦੀ ਖਰੀਦ ਤੁਰੰਤ ਕਰਵਾਉਣ ’ਤੇ ਅੜ ਗਏ। ਗੱਲਬਾਤ ਕਿਸੇ ਸਿਰੇ ਨਾ ਲੱਗਣ ਕਾਰਨ ਘਿਰਾਓ ਜਾਰੀ ਰਿਹਾ।