ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 27 ਦਸੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਥੋਂ ਲੰਘਣ ਮੌਕੇ ਅੱਜ ਕੋਟਕਪੂਰਾ ਦੇ ਤਿੰਨ ਕੌਣੀ ’ਚ ਸ਼ਹਿਰ ਵਾਸੀਆਂ ਨੇ ਕਰੀਬ ਅੱਧੇ ਘੰਟੇ ਤੱਕ ਆਵਾਜਾਈ ਜਾਮ ਰੱਖਿਆ ਜਿਸ ਕਾਰਨ ਇਸ ਰੋਡ ’ਤੋਂ ਨਿਕਲਦਿਆਂ ਤਿੰਨ ਸੜਕਾਂ ਕੋਟਕਪੂਰਾ-ਬਠਿੰਡਾ, ਕੋਟਕਪੂਰਾ-ਮੋਗਾ, ਕੋਟਕਪੂਰਾ-ਸ੍ਰੀ ਗੰਗਾਨਗਰ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਜਾਮ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ’ਤੇ ਜਾਮ ਲਾਉਣ ਵਾਲੇ ਇਹ ਲੋਕ ਸਥਾਨਕ ਦੇਵੀਵਾਲਾ ਰੋਡ ਦੇ ਵਸਨੀਕ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਕਾਂਗਰਸ ਝੂਠੇ ਅੰਕੜੇ ਸੁਣਾ ਕੇ ਵਿਕਾਸ ਦੇ ਸੋਹਲੇ ਗਾ ਰਹੀ ਹੈ। ਅਸਲ ਵਿੱਚ ਕੋਟਕਪੂਰੇ ਦਾ ਵਿਕਾਸ ਹੋਇਆ ਹੀ ਨਹੀਂ। ਕੋਟਕਪੂਰੇ ਸ਼ਹਿਰ ਤਾਂ ਇਸ ਸਮੇਂ ਨਰਕ ਵਿਚ ਤਬਦੀਲ ਹੋ ਚੁੱਕਿਆ ਹੈ। ਇਸ ਰੋਡ ਦੇ ਦੁਕਾਨਦਾਰ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਉਹ ਇਸ ਰੋਡ ਦੇ ਪਿਛਲੇ ਪੰਜ ਦਹਾਕੇ ਤੋਂ ਵਸਨੀਕ ਹੈ। ਜਲ ਬੋਰਡ ਨੇ ਤਿੰਨ ਸਾਲ ਪਹਿਲਾਂ ਸੜਕ ਪੁੱਟੀ ਸੀ ਜੋ ਹੁਣ ਤੱਕ ਨਹੀਂ ਬਣੀ। ਇਸ ਇਲਾਕੇ ਵਿਚ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸੜਕ ਦੀ ਬਦਤਰ ਹਾਲਤ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਦੇ ਜ਼ਿੰਦਗੀ ਨਰਕ ਬਣ ਗਈ ਹੈ।