ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 16 ਨਵੰਬਰ
ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ‘ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ’ ਅਤੇ ‘ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ’ ਦੇ ਸਹਿਯੋਗ ਨਾਲ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਨਾਟਕ ‘ਏਕ ਰਾਗ ਦੋ ਸਵਰ’ ਦਾ ਖੂਬਸੂਰਤ ਮੰਚਨ ਹੋਇਆ। ਰਾਜੇਂਦਰ ਕੁਮਾਰ ਸ਼ਰਮਾ ਦੇ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਵਿਕਾਸ ਸ਼ਰਮਾ ਨੇ ਕੀਤਾ। ‘ਨਿਊ ਉੱਥਾਨ ਗਰੁੱਪ ਕੁਰੂਕੁਸ਼ੇਤਰ’ ਦੇ ਕਲਾਕਾਰਾਂ ਵੱਲੋਂ ਖੇਡੇ ਇਸ ਨਾਟਕ ਵਿੱਚ ਦਰਸਾਇਆ ਗਿਆ ਕਿ ਪਤੀ-ਪਤਨੀ ਦਾ ਰਿਸ਼ਤਾ ਗੱਡੀ ਦੇ ਦੋ ਪਹੀਆਂ ਵਾਂਗ ਹੁੰਦਾ ਹੈ। ਜੇ ਇਹ ਪਹੀਏ ਵੱਖ-ਵੱਖ ਦਿਸ਼ਾਵਾਂ ਵੱਲ ਚੱਲ ਪੈਣ ਤਾਂ ਜ਼ਿੰਦਗੀ ਦੀ ਗੱਡੀ ਚੱਲਣੀ ਅਸੰਭਵ ਹੋ ਜਾਂਦੀ ਹੈ। ਨਾਟਕ ਦੀ ਕਹਾਣੀ ਛੋਟੀਆਂ-ਛੋਟੀਆਂ ਗੱਲਾਂ ਦੀ ਹਉਮੈ ਕਾਰਨ ਹੁੰਦੇ ਘਰੇਲੂ ਕਲੇਸ਼ ਦੇ ਆਲੇ-ਦੁਆਲੇ ਘੁੰਮਦੀ ਹੈ। ਪਾਤਰਾਂ ਦਾ ਅਭਿਨੈ ਇੰਨਾ ਕੁਦਰਤੀ ਸੀ ਕਿ ਦਰਸ਼ਕ ਇਸ ਕਹਾਣੀ ਵਿੱਚ ਗੁਆਚੇ ਬਿਨਾਂ ਨਾ ਰਹਿ ਸਕੇ ਅਤੇ ਹਾਲ ਵਾਰ-ਵਾਰ ਤਾੜੀਆਂ ਨਾਲ ਗੂੰਜਿਆ। ਸਤਿਕਾਰਤ ਮਹਿਮਾਨ ਵਜੋਂ ਪੰਜਾਬ ਸਟੇਟ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਚੰਡੀਗੜ੍ਹ ਦੇ ਚੇਅਰਮੈਨ ਅਨਿਲ ਠਾਕੁਰ ਪਹੁੰਚੇ। ਉਨ੍ਹਾਂ 13 ਸਾਲਾਂ ਤੋਂ ਨਾਟਿਅਮ ਪੰਜਾਬ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ. ਪੂਜਾ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਮਹਿਮਾਨਾਂ ਨੂੰ ਸਾਂਝੇ ਤੌਰ ’ਤੇ ‘ਜੀ ਆਇਆਂ’ ਕਿਹਾ। ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ ਤੇ ਹੋਰ ਹਸਤੀਆਂ ਮੌਜੂਦ ਸਨ।