ਤਪਾ ਮੰਡੀ: ਇਥੇ ਇੱਕ ਨੌਸਰਬਾਜ਼ ਨੇ ਨਕਲੀ ਰਿਕਵਰੀ ਇੰਸਪੈਕਟਰ ਬਣ ਕੇ ਇੱਕ ਨੌਜਵਾਨ ਨਾਲ 90 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੀੜਤ ਨੌਜਵਾਨ ਰੁਪਿੰਦਰ ਸਿੰਘ ਭੋਤਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇੱਕ ਵਿਅਕਤੀ ਮਿਲਿਆ ਜੋ ਖ਼ੁਦ ਨੂੰ ਐੱਸਬੀਆਈ ਬੈਂਕ ਦਾ ਰਿਕਵਰੀ ਇੰਸਪੈਕਟਰ ਦੱਸਦਾ ਸੀ। ਉਸ ਨੇ ਦਸਿਆ ਕਿ ਉਹ ਲੋਨ ਡਿਫਾਲਟਰਾਂ ਦੇ ਕੇਸਾਂ ਦੀ ਰਿਕਵਰੀ ਕਰਦਾ ਹੈ। ਜੇਕਰ ਤੁਸੀਂ ਗੱਡੀ ਤੇ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਲੋਨ ਕਰਵਾ ਸਕਦਾ ਹੈ। ਉਸ ਵਿਅਕਤੀ ਨੇ ਆਪਣਾ ਮੋਬਾਈਲ ਨੰਬਰ ਦੇ ਕੇ ਦੂਸਰੇ ਦਿਨ ਫੋਨ ’ਤੇ ਕਿਹਾ ਕਿ ਰਾਮਪੁਰਾ ਫ਼ੂਲ ਵਿੱਚ ਇੱਕ ਕਾਰ ਖੜ੍ਹੀ ਹੈ ਜਿਸਦੇ ਮਾਲਕ ਨੇ ਕਿਸ਼ਤ ਨਹੀਂ ਭਰੀ। ਇਸ ਕਾਰ ’ਤੇ 3 ਲੱਖ ਰੁਪਏ ਦਾ ਲੋਨ ਖੜ੍ਹਾ ਹੈ ਜਿਸ ’ਚੋਂ ਇਕ ਲੱਖ ਰੁਪਏ ਬੈਂਕ ਰਾਹੀ ਭਰਨੇ ਪੈਣਗੇ। ਇਸ ਬਹਾਨੇ ਮੁਲਜ਼ਮ ਨੇ ਉਸ ਨਾਲ 90 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਤਪਾ ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਸੀਸੀਟੀਵੀ ਫੁਟੇਜ ਘੋਖਣੀ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ