ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਹੇਠ ਕਾਲਜ ਦੇ ਐੱਚ.ਈ.ਆਈ.ਐੱਸ ਵਿਭਾਗ ਨੂੰ ਬੰਦ ਹੋਣ ਤੋਂ ਰੋਕਣ ਲਈ ਕਾਲਜ ਅੰਦਰ ਅਧਿਆਪਕਾਂ ਵੱਲੋਂ ਲਾਇਆ ਪੱਕਾ ਮੋਰਚਾ ਦੂਜੇ ਦਿਨ ਵੀ ਕਾਇਮ ਰਿਹਾ। ਕਾਲਜ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਅਤੇ ਐੱਚ.ਈ.ਆਈ.ਐੱਸ ਦੇ ਪ੍ਰੋ. ਗਗਨਦੀਪ ਕੁਮਾਰ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਵਿਭਾਗ ਨੂੰ ਬੰਦ ਕਰਨ ਦੀ ਕੋਝੀ ਚਾਲ ਚੱਲੀ ਹੈ, ਕਿਉਂਕਿ ਇਸ ਵਿਭਾਗ ਵਿੱਚ ਜ਼ਿਆਦਾ ਗਿਣਤੀ ਦਲਿਤ ਵਿਦਿਆਰਥੀਆਂ ਹੈ ਅਤੇ ਇਸ ਨੂੰ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕੋ ਸਰਕਾਰੀ ਕਾਲਜ ਹੈ, ਜਿਸ ਦੇ ਕੰਪਿਊਟਰ ਵਿਭਾਗ ਵਿੱਚ ਦਲਿਤ ਅਤੇ ਜਰਨਲ ਪਰਿਵਾਰਾਂ ਦੇ ਵਿਦਿਆਰਥੀ ਘੱਟ ਖਰਚੇ ’ਤੇ ਪੜ੍ਹਾਈ ਹਾਸਲ ਕਰਦੇ ਹਨ ਤੇ ਇਸ ਕੰਪਿਊਟਰ ਵਿਭਾਗ ਦੇ ਬੰਦ ਹੋਣ ਨਾਲ ਦਲਿਤ ਅਤੇ ਜਨਰਲ ਪਰਿਵਾਰਾਂ ਦੇ ਵਿਦਿਆਰਥੀ, ਜਿਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਇਸ ਮੌਕੇ ਪ੍ਰੋ. ਪ੍ਰਿਆ ਗੁਪਤਾ, ਪ੍ਰੋ. ਚਰਨਜੀਤ ਕੌਰ ਸਿੰਘ ਤੇ ਵਿਦਿਆਰਥੀ ਪ੍ਰਿੰਸ, ਗੁਰਬਖਸ਼ ਸਿੰਘ ਨੇ ਵੀ ਸੰਬੋਧਨ ਕੀਤਾ।
ਪ੍ਰਿੰਸੀਪਲ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ
ਆਗੂਆਂ ਨੇ ਦੱਸਿਆ ਕਿ ਕਾਲਜ ਪ੍ਰਿੰਸੀਪਲ (ਡੀ.ਡੀ.ਓ) ਡਾ. ਸੁਰਜੀਤ ਸਿੰਘ ਨਾਲ ਇਸ ਮਸਲੇ ’ਤੇ ਮੀਟਿੰਗ ਹੋਈ ਹੈ। ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।