ਪੱਤਰ ਪ੍ਰੇਰਕ
ਮਾਨਸਾ, 1 ਅਕਤੂਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਕਾਲਜ ਦੇ ਐੱਚਈਆਈਐਸ ਵਿਭਾਗ ਅਧੀਨ ਚੱਲ ਰਹੇ ਕੋਰਸਾਂ ਨੂੰ ਬੰਦ ਹੋਣ ਤੋਂ ਰੋਕਣ ਲਈ ਕਾਲਜ ਅੰਦਰ ਅਧਿਆਪਕਾਂ ਵੱਲੋਂ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਲਗਾਤਾਰ 4 ਦਿਨਾਂ ਤੋਂ ਲੱਗੇ ਧਰਨੇ ਦੇ ਬਾਵਜੂਦ ਇਨਸਾਫ਼ ਦੇਣ ਦਾ ਕੋਈ ਠੋਸ ਉਪਰਾਲਾ ਨਹੀਂ ਆਰੰਭ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸਨ ਦੇ ਇਸ ਵਿਦਿਆਰਥੀ ਵਿਰੋਧੀ ਨੀਤੀਆਂ ਦੇ ਖਿਲਾਫ਼, ਵਿਦਿਆਰਥੀ ਦੇ ਫ਼ੀਸ ਚਲਾਨ ਕਢਵਾਉਣ ਅਤੇ ਜਾਤੀ ਤੌਰ ’ਤੇ ਜ਼ਲੀਲ ਕਰਨ ਵਾਲਿਆਂ ਖਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਪਰਚਾ ਦਰਜ ਕਰਵਾਕੇ ਗ੍ਰਿਫ਼ਤਾਰ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਆਕਾਸ਼, ਸੁੱਖੀ ਖੋਖਰ, ਗੁਰਬਖਸ਼ ਸਿੰਘ, ਕੰਪਿਊਟਰ ਵਿਭਾਗ ਦੇ ਅਧਿਆਪਕ ਸ਼ਾਮਲ ਸਨ। ਧਰਨੇ ਤੋਂ ਬਾਅਦ ਐੱਸਐੱਸਪੀ ਮਾਨਸਾ ਐੱਸਸੀ/ਐੱਸਟੀ ਐਕਟ ਤਹਿਤ ਦਰਖ਼ਾਸਤ ਦੇ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ।