ਜੋਗਿੰਦਰ ਸਿੰਘ ਮਾਨ
ਮਾਨਸਾ, 21 ਸਤੰਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਕੋਰਸ ਬੰਦ ਹੋਣ ਸਬੰਧੀ ਛਿੜੇ ਮਾਮਲੇ ਨੇ ਉਸ ਵੇਲੇ ਨਵਾਂ ਰੂਪ ਧਾਰ ਲਿਆ, ਜਦੋਂ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਕਾਲਜ ਪ੍ਰਬੰਧਕਾਂ ਖਿਲਾਫ਼ ਦਿੱਤੇ ਗਏ ਧਰਨੇ ਦੇ ਵਿਰੋਧ ਵਿੱਚ ਕਾਲਜ ਦੇ ਪ੍ਰਿੰਸੀਪਲ ਸਮੇਤ ਸੀਨੀਅਰ ਪ੍ਰੋਫੈਸਰਾਂ ਨੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਕੋਲ ਲਿਖਤੀ ਰੂਪ ਵਿੱਚ ਧਰਨਾਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ। ਕਾਲਜ ਪ੍ਰਬੰਧਕਾਂ ਵਾਲੀ ਧਿਰ ਵੱਲੋਂ ਖੁਦ ਵਿਦਿਆਰਥੀ ਜਥੇਬੰਦੀ ਖ਼ਿਲਾਫ਼ ਬਰਾਬਰ ਦਾ ਧਰਨਾ ਲਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਉਧਰ ਵਿਦਿਆਰਥੀ ਜਥੇਬੰਦੀ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਐੱਚਈਆਈਐੱਸ ਵਿਭਾਗ ਨੂੰ ਬੰਦ ਦੀ ਜੋ ਕੋਝੀ ਚਾਲ ਚੱਲੀ ਹੈ, ਉਸ ਦਾ ਖਮਿਆਜ਼ਾ ਦਲਿਤ ਵਿਦਿਆਰਥੀਆਂ ਨੂੰ ਭੁਗਤਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸਨ ਦੀ ਜ਼ਿੱਦ ਕਾਰਨ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਖੱਜਲ-ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕੋ-ਇੱਕ ਸਰਕਾਰੀ ਕਾਲਜ ਹੈ, ਜਿਸਦੇ ਕੰਪਿਊਟਰ ਵਿਭਾਗ ਵਿੱਚ ਦਲਿਤ ਅਤੇ ਗਰੀਬ ਜਰਨਲ ਪਰਿਵਾਰਾਂ ਦੇ ਵਿਦਿਆਰਥੀ ਘੱਟ ਖਰਚੇ ’ਤੇ ਪੜ੍ਹਾਈ ਹਾਸਲ ਕਰਦੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਦੀ ਫੀਸ ਭਰਵਾਉਣ ਅਤੇ ਜਾਤੀ ਤੌਰ ’ਤੇ ਜ਼ਲੀਲ ਕਰਨ ਵਾਲੇ ਚਾਰ ਪ੍ਰੋਫੈਸਰ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਵਿਦਿਆਰਥੀ ਜਥੇਬੰਦੀ ਖ਼ਿਲਾਫ਼ ਕਾਰਵਾਈ ਮੰਗੀ
ਕਾਲਜ ਪ੍ਰਬੰਧਕਾਂ ਵਾਲੀ ਧਿਰ ਵੱਲੋਂ ਡਾ. ਸੁਪਨਦੀਪ ਕੌਰ, ਪ੍ਰੋ. ਸੀਮਾ ਜਿੰਦਲ, ਡਾ. ਅਵਿਨਾਸ਼ ਕੁਮਾਰ ਸਮੇਤ ਹੋਰ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮਾਨਸਾ ਨੂੰ ਲਿਖਤੀ ਪੱਤਰ ਸੌਂਪਕੇ ਮੰਗ ਕੀਤੀ ਕਿ ਵਿਦਿਆਰਥੀ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਅੰਦਰ ਜਬਰੀ ਬਿਠਾ ਕੇ ਰੱਖਣ ਅਤੇ ਉਨ੍ਹਾਂ ਜਬਰੀ ਰਸਤਾ ਰੋਕਣ ਅਤੇ ਮਹਿਲਾ ਅਧਿਆਪਕ ਨਾਲ ਹੱਥੋਪਾਈ ਕਰਨ ਨੂੰ ਲੈਕੇ ਕਾਰਵਾਈ ਕੀਤੀ ਜਾਵੇ।