ਪੱਤਰ ਪ੍ਰੇਰਕ
ਟੱਲੇਵਾਲ, 4 ਫਰਵਰੀ
ਪਿੰਡ ਭੋਤਨਾ ਵਿੱਚ ਨੌਜਵਾਨ ਆਗੂ ਸਵਰਗੀ ਕਮਲਜੀਤ ਸਿੰਘ ਸੇਖੋਂ ਦੀ ਯਾਦ ਵਿੱਚ ਨਵਾਂ ਬੱਸ ਅੱਡਾ ਪਿੰਡ ਵਾਸੀਆਂ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਕਮਲਜੀਤ ਸਿੰਘ ਸੇਖੋਂ ਦਾ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਵਿੱਚ 12 ਦਸੰਬਰ 2019 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਸੇਖੋਂ ਕੈਨੇਡਾ ਤੇ ਵੱਡੇ ਭਰਾ ਹਰਪ੍ਰੀਤ ਹੰਮੀ ਸੇਖੋਂ ਕੈਨੇਡਾ ਨੇ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਸ ਚੀਜ਼ ਦੀ ਸਾਰੇ ਪਿੰਡ ਵਾਸੀਆਂ ਨੂੰ ਜ਼ਰੂਰਤ ਹੋਵੇ, ਉਹ ਦੱਸ ਦਿੱਤੀ ਜਾਵੇ। ਪਿੰਡ ਵਾਸੀਆਂ ਤੇ ਕਲੱਬ ਆਗੂਆਂ ਨੇ ਮੇਨ ਬੱਸ ਅੱਡੇ ’ਤੇ ਸਵਾਰੀਆਂ ਦੇ ਬੈਠਣ ਲਈ ਵੱਡੇ ਕਮਰੇ (ਸ਼ੈੱਡ) ਬਣਾਉਣ ਲਈ ਕਿਹਾ ਸੀ। ਪਰਿਵਾਰ ਤੇ ਮੌਜੂਦਾ ਕਲੱਬ ਆਗੂਆਂ ਦੀ ਦੇਖ-ਰੇਖ ਹੇਠ ਇਹ ਬੱਸ ਅੱਡਾ ਕਰੀਬ 4.20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਿਆ ਹੈ, ਜਿਸ ਦਾ ਉਦਘਾਟਨ ਅੱਜ ਬਾਬਾ ਭੁਪਿੰਦਰ ਸਿੰਘ ਖਾਲਸਾ ਨੇ ਅਰਦਾਸ ਕਰਨ ਉਪਰੰਤ ਕੀਤਾ। ਇਸ ਮੌਕੇ ਬਲਵੀਰ ਸਿੰਘ ਸੇਖੋਂ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਭੋਲਾ ਪ੍ਰਧਾਨ, ਕਲੱਬ ਆਗੂ ਸੁਖਦੇਵ ਸਿੰਘ ਸੇਬੂ ਤੇ ਸਰਜੀਤ ਪ੍ਰਧਾਨ ਆਦਿ ਹਾਜ਼ਰ ਸਨ।