ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਪਰੈਲ
ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਇਥੇ ਬੱਚਤ ਭਵਨ ਵਿੱਚ ਨਵੀਂ ਸਿੱਖਿਆ ਨੀਤੀ ਵਿਰੋਧੀ ਸੈਮੀਨਾਰ ਕਰਾਇਆ ਗਿਆ, ਜਿਸ ਦੌਰਾਨ ਮੁੱਖ ਬੁਲਾਰੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕੌਮੀ ਆਗੂ ਸਾਥੀ ਮ੍ਰਿਗਾਂਕ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਜਾਤੀ ਪ੍ਰਬੰਧ ਨੂੰ ਤਕੜਾ ਕਰਨ, ਅਬਾਦੀ ਦੇ ਵੱਡੇ ਹਿੱਸੇ ਨੂੰ ਸਿੱਖਿਆ ਖੇਤਰ ’ਚੋਂ ਬਾਹਰ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਸ਼ਾਜਿਸ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ’ਚ ਆਪਾ ਵਿਰੋਧੀ ਉਪਬੰਧ ਦਰਜ ਹਨ ਤੇ ਇਹ ਸਕੂਲਾਂ ’ਚ ਵਿਦਿਆਰਥੀਆਂ ਦੀ ਘੱਟ ਗਿਣਤੀ ਨੂੰ ਇੱਕ ਸਮੱਸਿਆ ਦੱਸਦੀ ਹੈ, ਪਰ ਇਸਦਾ ਹੱਲ ਘੱਟ ਗਿਣਤੀ ਲਈ ਜ਼ਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਦੀ ਬਜਾਏ ਸਕੂਲਾਂ ਨੂੰ ਬੰਦ ਕਰਨਾ ਦੱਸਦੀ ਹੈ।
ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਜ਼ਰੂਰੀ ਦੱਸਦੀ ਹੈ, ਪਰ ਪ੍ਰੀ-ਪ੍ਰਾਇਮਰੀ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਬਜਾਏ ਬੁੱਤਾ ਸਾਰਨ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਲਿਆਉਣ ਦੀ ਬਜਾਏ, ਅਨ-ਲਾਈਨ ਸਿੱਖਿਆ ਰਾਹੀਂ ਵਿਦਿਆਰਥੀਆਂ ਦਾ ਸੰਪਰਕ ਸਕੂਲਾਂ ਨਾਲੋਂ ਤੋੜਨ ਦੀ ਗੱਲ ਕਰਦੀ ਹੈ।
ਪ੍ਰੋ. ਕੁਲਦੀਪ ਕੌਰ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਰਕਸ਼ੀਲ ਸੋਚ ਨੂੰ ਖਤਮ ਕਰਕੇ ਵਿਦਿਆਰਥੀਆਂ ਨੂੰ ਪਿਛਲੱਗ ਤੇ ਭਗਤ ਬਣਾਉਣ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਪਹਿਲਾਂ ਵੀ ਇਸ ਤਰ੍ਹਾਂ ਦੇ ਯਤਨ ਹੋਏ ਹਨ, ਜਦੋਂ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਲਈ ਤਰਕ ਨਾਲ ਗੱਲ ਕਰਨ ਵਾਲੇ ਲੇਖਕਾਂ, ਬੁੱਧੀਜੀਵੀਆਂ ਉੱਪਰ ਪਾਬੰਦੀ ਲਾਈ ਗਈ।
ਉਨ੍ਹਾਂ ਸੁਕਰਾਤ ਤੇ ਆਇਨਸਟਾਈਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸੁਕਰਾਤ ਨੂੰ ਇਸ ਕਰਕੇ ਜ਼ਹਿਰ ਦੇ ਕੇ ਮਾਰਿਆ ਗਿਆ, ਕਿਉਂਕਿ ਉਹ ਲੋਕਾਂ ਨੂੰ ਤਰਕ ਨਾਲ ਗੱਲ ਕਰਨਾ ਸਿਖਾਉਂਦਾ ਸੀ ਤੇ ਅਇਸਟਾਈਨ ਨੂੰ ਸੱਚ ਦੀ ਗੱਲ ਕਰਨ ਕਰਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਰਾਜਵਿੰਦਰ ਮੀਰ, ਨਰਭਿੰਦਰ, ਪਰਮਿੰਦਰ ਸਿੰਘ, ਸੁਖਜੀਤ ਰਾਮਾਨੰਦੀ, ਸੁਖਦਰਸਨ ਨੱਤ, ਗੁਰਪ੍ਰੀਤ ਸਿੰਘ ਗੁਰਨੇ, ਮਨਜੀਤ ਸਿੰਘ, ਅਮਨਦੀਪ ਸਿੰਘ, ਲੱਖਾ ਸਿੰਘ ਸਹਾਰਨਾ, ਸੋਮ ਦੱਤ ਸ਼ਰਮਾ, ਲੱਖਾ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।