ਖੇਤਰੀ ਪ੍ਰਤੀਨਿਧ
ਬਰਨਾਲਾ, 25 ਅਕਤੂਬਰ
ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਠੇਕਾ ਸਿਸਟਮ ਅਧੀਨ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਸਟਾਫ਼ ਅਤੇ ਦਫਤਰੀ ਸਟਾਫ਼ ਨੇ ਸਰਕਾਰ ਦੀ ਲਾਅਰੇਬਾਜ਼ੀ ਤੋਂ ਖਫ਼ਾ ਹੋ ਜ਼ਿਮਨੀ ਚੋਣਾਂ ਮੌਕੇ ਸਰਕਾਰ ਦੀ ਪੋਲ ਖੋਲ੍ਹ ਮੁਹਿੰਮ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਸਬੰਧੀ ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਹੋਈ ਵਰਚੁਅਲ ਮੀਟਿੰਗ ਉਪਰੰਤ ਡਾ. ਵਾਹਿਦ ਮਾਲੇਰਕੋਟਲਾ, ਸੰਦੀਪ ਕੌਰ, ਹਰਜੀਤ ਸਿੰਘ, ਅਜੇ ਸ਼ਰਮਾ ਮਹਿਲਕਲਾਂ ਨੇ ਕਿਹਾ ਕਿ ਸੂਬੇ ਵਿੱਚ ‘ਆਪ’ ਸਰਕਾਰ ਦੇ ਕਰੀਬ ਢਾਈ ਸਾਲ ਬੀਤਣ ਅਤੇ 25 ਮੀਟਿੰਗਾਂ ਹੋਣ ’ਤੇ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਨਵੰਬਰ ਮਹੀਨੇ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ੍ਹ ਰੈਲੀਆਂ ਕਰਕੇ ਪਰਚੇ ਵੰਡੇ ਜਾਣਗੇ। ਇਸ ਮੁਹਿੰਮ ਦਾ ਆਗਾਜ਼ 9 ਨਵੰਬਰ ਨੂੰ ਹਲਕਾ ਬਰਨਾਲਾ ਵਿੱਚ ਭਰਵੀਂ ਰੈਲੀ ਕਰਕੇ ਕੀਤਾ ਜਾਵੇਗਾ।