ਜਸਵੰਤ ਜੱਸ
ਫ਼ਰੀਦਕੋਟ, 18 ਅਕਤੂਬਰ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਰੋਨਾ ਆਈਸੋਲੇਸ਼ਨ ਵਾਰਡ ਵਿੱਚ ਅਬੋਹਰ ਦੇ ਇੱਕ ਪ੍ਰੋਫੈਸਰ ਦੀ ਡਾਕਟਰਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਕਸੂਰਵਾਰ ਡਾਕਟਰਾਂ ਨੂੰ ਕਥਿਤ ਤੌਰ ’ਤੇ ਬਚਾਉਣ ਦੇ ਦੋਸ਼ ਲੱਗੇ ਹਨ। ਪ੍ਰੋਫੈਸਰ ਪ੍ਰਵੀਨ ਕੁਮਾਰ ਕੰਬੋਜ ਦੀ ਪਤਨੀ ਨੀਤਾ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਕਿ ਮੈਜਿਸਟਰੇਟੀ ਜਾਂਚ ਵਿੱਚ ਸਪੱਸ਼ਟ ਹੋ ਚੁੱਕਾ ਹੈ ਕਿ ਉਸ ਦੇ ਪਤੀ ਦੀ ਮੌਤ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਹੋਈ ਹੈ ਪਰ ਹਾਲੇ ਤਕ ਕਸੂਰਵਾਰ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਦੱਸਣਯੋਗ ਹੈ ਕਿ 27 ਜੁਲਾਈ ਨੂੰ ਕਰੋਨਾ ਪ੍ਰਭਾਵਿਤ ਪ੍ਰੋ. ਪ੍ਰਵੀਨ ਕੁਮਾਰ ਕੰਬੋਜ ਦੀ ਇੱਥੋਂ ਦੇ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ ਸੀ। ਮੌਤ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਅਧਿਕਾਰੀ ਪਰਮਦੀਪ ਸਿੰਘ ਖਹਿਰਾ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਸੀ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਮਰੀਜ਼ ਨੂੰ ਤਿੰਨ ਘੰਟੇ ਤੱਕ ਆਕਸੀਜਨ ਨਹੀਂ ਦਿੱਤੀ ਗਈ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਇਹ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਕੇ ਭੇਜਣੀ ਸੀ ਪਰ ਵਾਰ-ਵਾਰ ਫ਼ੋਨ ਕਰਨ ’ਤੇ ਇਸ ਬਾਰੇ ਉਨ੍ਹਾਂ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰੂਹੀ ਦੁੱਗ ਨੇ ਕਿਹਾ ਕਿ ਜਾਂਚ ਰਿਪੋਰਟ ’ਤੇ ਜੋ ਵੀ ਕਾਰਵਾਈ ਕਰਨੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾਣੀ ਹੈ ਅਤੇ ਯੂਨੀਵਰਸਿਟੀ ਦੀ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈ।