ਹਰਦੀਪ ਸਿੰਘ ਜਟਾਣਾ
ਮਾਨਸਾ, 17 ਅਗਸਤ
ਤਹਿਸੀਲ ਮਾਨਸਾ ਦੇ ਦਫ਼ਤਰਾਂ ਵਿੱਚ ਕੰਮ ਧੰਦੇ ਆਉਣ ਵਾਲੇ ਲੋਕਾਂ ਨੂੰ ਲੋਹੜੇ ਦੀ ਗਰਮੀ ਦੌਰਾਨ ਪਸੀਨੋ ਪਸੀਨੀ ਹੋ ਕੇ ਆਪਣੇ ਕੰਮ ਕਰਵਾਉਣੇ ਪੈਂਦੇ ਹਨ। ਉਡੀਕ ਲਈ ਬੈਠਣ ਵਾਲੀ ਥਾਂ ’ਤੇ ਨਾ ਹਵਾ ਲਈ ਪੱਖੇ ਅਤੇ ਨਾ ਹੀ ਪੀਣ ਦਾ ਪਾਣੀ ਮਿਲਣ ਕਰਕੇ ਲੋਕ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਲੋਕਾਂ ਨੇ ਦੱਸਿਆ ਪਹਿਲਾਂ ਤਾਂ ਕਰੋਨਾ ਕਾਰਨ ਤਹਿਸੀਲ ਦੇ ਮੁੱਖ ਦਰਵਾਜ਼ੇ ਤੋਂ ਕਿਸੇ ਦਾ ਵਾਹਨ ਹੀ ਅੱਗੇ ਨਹੀਂ ਲੰਘਣ ਦਿੱਤਾ ਜਾਂਦਾ। ਵਾਹਨ ਰੋਕੇ ਜਾਣ ਕਰਕੇ ਅੰਗਹੀਣ ਵਿਆਕਤੀਆਂ ਨੂੰ ਦਫ਼ਤਰ ਤੱਕ ਪੁੱਜਣਾ ਹੀ ਮੁਸ਼ਕਲ ਹੋ ਜਾਦਾ ਹੈ। ਉਸ ਤੋਂ ਅੱਗੇ ਦਫ਼ਤਰਾਂ ਕੋਲ ਬਣੇ ਪੁਰਾਣੇ ਉਡੀਕ ਵਾਲੇ ਥਾਵਾਂ ਤੋਂ ਪਹਿਲਾਂ ਹੀ ਰੋਕ ਕੇ ਆਰਜ਼ੀ ਥਾਂ ’ਤੇ ਬੈਠਣ ਦਾ ਇਸ਼ਾਰਾ ਕਰ ਦਿੱਤਾ ਜਾਂਦਾ ਹੈ। ਐੱਸਡੀਐਮ ਦਫ਼ਤਰ ਮਾਨਸਾ ਦੀਆਂ ਪਹਿਲਾਂ ਵਾਲੀਆਂ ਉਡੀਕ ਕੁਰਸੀਆਂ ਆਮ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਜਿਹੜੀਆਂ ਕੁਰਸੀ ਰੱਖੀਆਂ ਹੋਈਆਂ ਹਨ ਉੱਥੇ ਨਾ ਹਵਾ ਲਈ ਪੱਖਾ ਹੈ ਨਾ ਪੀਣ ਲਈ ਪਾਣੀ। ਲੋਕਾਂ ਨੇ ਮੰਗ ਕੀਤੀ ਹੈ ਕਿ ਕਰੋਨਾ ਪ੍ਰਕੋਪ ਨੂੰ ਦੇਖਦੇ ਹੋਏ ਦਫ਼ਤਰੀ ਕੰਮਾਂ ਦੇ ਨਿਪਟਾਰੇ ਦੀ ਗਤੀ ਤੇਜ਼ ਕੀਤੀ ਜਾਵੇ ਅਤੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ।