ਪੱਤਰ ਪ੍ਰੇਰਕ
ਬਰੇਟਾ, 17 ਮਈ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਥੇ ਆਖਿਆ ਕਿ ਇਸ ਸਮੇਂ ਪੰਜਾਬ ਵਿੱਚ ਕੁਝ ਵੀ ਸੁਰੱਖਿਅਤ ਨਹੀਂ ਹੈ। ਆਮ ਦੁਕਾਨਦਾਰਾਂ ਤੋਂ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ ਤੇ ਕਾਤਲਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸਾਡੇ ਵਰਗੇ ਪੁੱਤ ਗਵਾਉਣ ਵਾਲੇ ਪਰਿਵਾਰਾਂ ਦੀ ਜ਼ਿੰਦਗੀ ਕੈਦੀਆਂ ਵਰਗੀ ਹੋ ਗਈ ਹੈ। ਉਹ ਅੱਜ ਅਨਾਜ ਮੰਡੀ ਵਿਖੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਦਫਤਰ ਦੇ ਉਦਘਾਟਨੀ ਸਮਾਗਮ ਵਿਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਈਆਂ ਹਨ ਪਰ ਕਿਧਰੇ ਵੀ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਚੰਡੀਗੜ੍ਹ ਗਏ ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ।