ਪੱਤਰ ਪ੍ਰੇਰਕ
ਸਮਾਲਸਰ, 18 ਨਵੰਬਰ
ਇੱਥੇ ਵਾਲਮੀਕਿ/ ਮਜ਼੍ਹਬੀ ਸਿੱਖ ਮਹਾਸਭਾ ਦੇ ਚੇਅਰਮੈਨ ਬਚਿੱਤਰ ਸਿੰਘ, ਉੱਪ ਚੇਅਰਮੈਨ ਜਗਤਾਰ ਸਿੰਘ, ਬਹੁਜਨ ਮੁਕਤੀ ਮੋਰਚਾ ਦੇ ਪ੍ਰਧਾਨ ਧਰਮਿੰਦਰ ਸਿੰਘ ਵੱਲੋਂ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾਂ ਕਲਾਂ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਗਿੱਲ ਨੂੰ ਇੱਕ ਪ੍ਰਾਇਮਰੀ ਅਧਿਆਪਕ ਵੱਲੋਂ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਸਖ਼ਤ ਨੋਟਿਸ ਲਿਆ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਰੋਡੇ ਦੇ ਇਕ ਪ੍ਰਾਇਮਰੀ ਅਧਿਆਪਕ ਨੇ ਆਪਣੀ ਪਤਨੀ ਦੇ ਪੈਨਸ਼ਨ ਦੇ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਲਈ ਚਰਨਜੀਤ ਸਿੰਘ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਨਾਲ-ਨਾਲ ਹੱਥੋਪਾਈ ਕੀਤੀ ਅਤੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ। ਚਰਨਜੀਤ ਸਿੰਘ ਨੇ ਲੋਕਾਂ ਦੀ ਮਦਦ ਨਾਲ ਆਪਣੀ ਜਾਨ ਬਚਾਈ ਅਤੇ ਸਾਰੀ ਘਟਨਾ ਦੀ ਸੂਚਨਾ ਲਿਖਤੀ ਤੌਰ ’ਤੇ ਸਿੱਖਿਆ ਵਿਭਾਗ ਦੇ ਉੱਚ ਅਫਸਰਾਂ ਅਤੇ ਥਾਣਾ ਸਮਾਲਸਰ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਹੈ। ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਕੋਲ ਸਰਕਾਰੀ ਹਾਈ ਸਕੂਲ ਲੰਙੇਆਣਾ ਕਲਾਂ ਦੀਆਂ ਡੀ.ਡੀ. ਪਾਵਰਾਂ ਹਨ ਅਤੇ ਪ੍ਰਾਇਮਰੀ ਅਧਿਆਪਕ ਦੀ ਪਤਨੀ ਉਸ ਸਕੂਲ ਵਿੱਚੋਂ ਸੇਵਾ-ਮੁਕਤ ਹੋਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕਈ ਦਿਨ ਬੀਤਣ ਤੋਂ ਬਾਅਦ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਸ ਦੀ ਜਾਂਚ ਐੱਸਸੀ ਕਮਿਸ਼ਨ ਤੋਂ ਕਰਵਾਉਣ ਦੀ ਮੰਗ ਕੀਤੀ ਹੈ।