ਪੱਤਰ ਪ੍ਰੇਰਕ
ਬਾਘਾ ਪੁਰਾਣਾ, 21 ਮਾਰਚ
ਸ਼ਹਿਰ ’ਚ ਅਧੂਰੇ ਪਏ ਵਿਕਾਸ ਕਾਰਜਾਂ ਕਾਰਨ ਪ੍ਰੇਸ਼ਾਨ ਹੋ ਰਹੇ ਲੋਕਾਂ ਵੱਲੋਂ ਵਿਧਾਇਕ ਕੋਲ ਕੀਤੀ ਫ਼ਰਿਆਦ ਅਸਰਦਾਰ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਦੀ ਹਾਲਤ ’ਤੇ ਵਿਧਾਇਕ ਨੇ ਨਾ ਸਿਰਫ਼ ਚਿੰਤਾ ਜ਼ਾਹਿਰ ਕੀਤੀ ਹੈ ਸਗੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਸ਼ਹਿਰ ਅੰਦਰ ਰੋਜ਼ਾਨਾ ਵਾਂਗ ਗੇੜਾ ਲਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਾਸਾਰ ਕੌਂਸਲ ਦੇ ਠੇਕੇਦਾਰ ਵੱਲੋਂ ਕਰਵਾਏ ਵਿਕਾਸ ਕੰਮ, ਜਿਨ੍ਹਾਂ ਨੂੰ ਮੁਕੰਮਲ ਕਰ ਕੇ ਕੌਂਸਲ ਦੇ ਜੇਈ ਨੂੰ ਰਿਪੋਰਟ ਕਰਨੀ ਹੁੰਦੀ ਹੈ, ਅਜਿਹਾ ਇੱਕਾ-ਦੁੱਕਾ ਕੰਮ ਹੀ ਹੈ ਜਿਹੜਾ ਟੈਂਡਰਾਂ ਵਿਚ ਦਰਸਾਏ ਗਏ ਸਮੇਂ ਵਿਚ ਮੁਕੰਮਲ ਕੀਤਾ ਗਿਆ ਹੋਵੇ। ਜ਼ਿਆਦਾਤਰ ਕੰਮ ਅੱਧ ਵਿਚਕਾਰ ਲਟਕ ਰਹੇ ਹਨ। ਅਜਿਹੇ ਕੰਮਾਂ ਦੇ ਨਿਰਧਾਰਿਤ ਸਮੇਂ ਵਿਚ ਨਬਿੇੜਨ, ਵਰਤੇ ਜਾਣ ਵਾਲੀ ਸਮੱਗਰੀ ਅਤੇ ਹੋਰਨਾਂ ਮਿਆਰਾਂ ਉੱਪਰ ਨਜ਼ਰਸਾਨੀ ਕਰਨ ਵਾਲੇ ਅਧਿਕਾਰੀ ਦੀ ਕਥਿਤ ਅਣਦੇਖੀ ਕਰ ਕੇ ਲੋਕਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਠੇਕੇਦਾਰ ਆਪਣੀਆਂ ਰਕਮਾਂ ਲੈ ਕੇ ਚੁੱਕੇ ਹਨ। ਨਿਯਮਾਂ ਮੁਤਾਬਕ ਢੁੱਕਵੇਂ ਸਮੇਂ ਅੰਦਰ ਕੰਮ ਮੁਕੰਮਲ ਕਰਨੇ ਹੁੰਦੇ ਹਨ ਅਤੇ ਕੰਮ ਪੂਰਾ ਕਰਨ ਤਕ ਠੇਕੇਦਾਰ ਨੂੰ ਅਦਾਇਗੀ ਨਹੀਂ ਕੀਤੀ ਜਾ ਸਕਦੀ। ਵਾਰਡ ਨੰਬਰ ਇਕ ਦੇ ਪ੍ਰਾਇਮਰੀ ਸਕੂਲ ਕੋਲ ਬਣਾਈ ਪੁਲੀ ਦਾ ਕੰਮ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜੋ ਅਜੇ ਵੀ ਅਧੂਰਾ ਹੈ। ਹੁਣ ਤੱਕ ਦਾ ਕੰਮ ਵੀ ਬੱਚੀਆਂ ਦੇ ਮਾਪਿਆਂ ਨੇ ਬੇਨਤੀਆਂ ਕਰ ਕਰ ਕੇ ਸ਼ੁਰੂ ਕਰਵਾਇਆ ਸੀ। ਪੁਲੀ ਠੀਕ ਨਾ ਬਣੀ ਹੋਣ ਕਾਰਨ ਬੱਚੀਆਂ ਠੋਕਰਾਂ ਖਾਂਦੀਆਂ ਰਹਿੰਦੀਆਂ ਹਨ।
ਜਲਦੀ ਕੰਮ ਮੁਕੰਮਲ ਕਰਵਾਇਆ ਜਾਵੇਗਾ: ਕਾਰਜਸਾਧਕ ਅਫ਼ਸਰ
ਇਸ ਮਾਮਲੇ ਬਾਰੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਅਣਜਾਣਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਜੇਈ ਨੂੰ ਨਾਲ ਲੈ ਕੇ ਖ਼ੁਦ ਮੌਕਾ ਦੇਖਣਗੇ ਅਤੇ ਪੁਲੀ ਦੇ ਅਧੂਰੇ ਪਏ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਵਾਉਣਗੇ।