ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਦਸੰਬਰ
ਸੂਬੇ ’ਚ ਮੁਲਾਜ਼ਮ ਜਥੇਬੰਦੀਆਂ ਦੇ ਉਗਰ ਪ੍ਰਦਰਸ਼ਨ ਸਰਕਾਰ ਲਈ ਵੰਗਾਰ ਬਣ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜ਼ਿਲ੍ਹਿਆਂ ’ਚ ਫੇਰੀ ਦੌਰਾਨ ਮੁਲਾਜ਼ਮ ਜਥੇਬੰਦੀਆਂ ਦੀ ਆਵਾਜ਼ ਦਬਾਉਣ ਲਈ ਨਿਵੇਕਲਾ ਰਾਹ ਲੱਭਿਆ ਹੈ। ਪੰਜਾਬ ਪੁਲੀਸ ਦੇ ਆਈਜੀ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਲੋਂ ਪ੍ਰਸ਼ਾਸਨ ਨੂੰ ਮੁਜ਼ਾਹਰਾਕਾਰੀਆਂ ਦੀ ਆਵਾਜ਼ ਡੀਜੇ ਚਲਾ ਕੇ ਦਬਾਉਣ ਦੇ ਹੁਕਮ ਹੋਏ ਹਨ ਤਾਂ ਜੋ ਮੁੱਖ ਮੰਤਰੀ ਤੱਕ ਨਾਅਰੇਬਾਜ਼ੀ ਦੀ ਆਵਾਜ਼ ਨਾ ਪੁੱਜੇ। ਇਹ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਪੰਜਾਬ ਪੁਲੀਸ ਦੇ ਆਈਜੀ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਲੋਂ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ, ਜਿਲ੍ਹਾ ਪੁਲੀਸ ਮੁਖੀਆਂ, ਪੁਲੀਸ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਦਿਸ਼ਾ-ਨਿਰਦੇਸ਼ਾ ਤਹਿਤ ਹੁਕਮ ਦਿੱਤਾ ਗਿਆ ਹੈ ਕਿ ਜਦੋਂ ਵੀ ਕਿਸੇ ਜ਼ਿਲ੍ਹੇ ’ਚ ਮੁੱਖ ਮੰਤਰੀ ਦਾ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਆਮਦ ਦੌਰਾਨ ਰਸਤੇ ਵਿੱਚ ਵੱਖ-2 ਜਥੇਬੰਦੀਆਂ ਜਾਂ ਸੰਗਠਨਾਂ ਵੱਲੋਂ ਉੱਚੀ ਆਵਾਜ਼ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਇਸ ਲਈ ਭਵਿੱਖ ਵਿੱਚ ਮੁੱਖ ਮੰਤਰੀ ਦੇ ਸਮਾਗਮਾਂ ਸਮੇਂ ਜਦੋਂ ਜਥੇਬੰਦੀਆਂ ਜਾਂ ਸੰਗਠਨਾਂ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਹੋਵੇ ਤਾਂ ਠੀਕ ਉਸੇ ਥਾਂ ਉੱਚੀ ਆਵਾਜ਼ ’ਚ ਡੀਜੇ ਲਗਾ ਦਿੱਤਾ ਜਾਵੇ ਜਿਸ ਵਿੱਚ ਗੁਰਬਾਣੀ, ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਜੋ ਮੁਜ਼ਾਹਰਾਕਾਰੀਆਂ ਦੇ ਨਾਅਰਿਆਂ ਦੀ ਆਵਾਜ਼ ਸੁਣਾਈ ਨਾ ਦੇ ਸਕੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਿਸ਼ਨ 2022 ਤਹਿਤ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਇਨ੍ਹੀਂ ਦਿਨੀਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਪੁਲੀਸ ਨੇ ਇਹ ਕਦਮ ਉਠਾਇਆ ਹੈ।