ਪੱਤਰ ਪ੍ਰੇਰਕ
ਮਾਨਸਾ, 14 ਅਕਤੂਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਦੂਰ ਧਿਰਾਂ ਵੱਲੋਂ ਲੜੀ ਜਾ ਰਹੀ ਲੜਾਈ ਕਾਰਨ ਮਜ਼ਦੂਰਾਂ ਦੇ ਖਾਤਿਆਂ ਵਿੱਚ ਨਰਮੇ ਦੀ ਚੁਗਾਈ ਦੇ ਰਹਿੰਦੇ ਪੈਸੇ ਪਾਉਣੇ ਆਰੰਭ ਕਰ ਦਿੱਤੇ ਹਨ, ਜਦੋਂ ਕਿ ਮਜ਼ਦੂਰਾਂ ਦੇ ਘਰਾਂ ਲਈ ਰੁਕੀਆਂ ਪਈਆਂ ਗ੍ਰਾਂਟਾਂ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੇ ਸੰਘਰਸ਼ ਮੁੂਹਰੇ ਝੁਕਦਿਆਂ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ, ਪਰ ਮਜ਼ਦੂਰਾਂ ਦੇ ਰਹਿੰਦੇ ਮਸਲਿਆਂ ਲਈ ਅਜੇ ਵੀ ਜੰਗ ਜਾਰੀ ਰਹੇਗੀ। ਉਹ ਅੱਜ ਇਥੇ ਮਜ਼ਦੂਰ ਮੁਕਤੀ ਮੋਰਚਾ ਦੇ ਵਧੀਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਲਾਏ ਪੱਕੇ ਮੋਰਚੇ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਸਮਾਓ ਨੇ ਕਿਹਾ ਕਿ ਸੱਤਾਧਾਰੀ ਹਾਕਮਾਂ ਦੀਆਂ ਪੂੰਜੀਪਤੀ ਪੱਖੀ ਨੀਤੀਆਂ ਕਾਰਨ ਮਜ਼ਦੂਰਾਂ ਦੀ ਹਾਲਤ ਮਾੜੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਦੀ ਦਿਹਾੜੀ ਕੀਮਤ ਸੂਚਕ ਅੰਕ ਨਾਲ ਜੋੜ ਕੇ ਵਾਧਾ ਕਰੇੇ। ਇਸ ਮੌਕੇ ਜਰਨੈਲ ਸਿੰਘ ਮਾਨਸਾ,ਗਗਨਦੀਪ ਖੜਕ ਸਿੰਘ ਵਾਲਾ,ਹਾਕਮ ਸਿੰਘ ਰੱਲੀ, ਮੇਲਾ ਸਿੰਘ, ਬੇਅੰਤ ਕੌਰ ਬੁਢਲਾਡਾ, ਅਰਜਨ ਸਿੰਘ ਨੇ ਵੀ ਸੰਬੋਧਨ ਕੀਤਾ।