ਪੱਤਰ ਪ੍ਰੇਰਕ
ਨਥਾਣਾ, 25 ਸਤੰਬਰ
ਨੰਬਰਦਾਰ ਯੂਨੀਅਨ ਦੀ ਚੋਣ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਵਿਚਾਰ ਵਟਾਦਰਾਂ ਕਰਨ ਦੇ ਮੰਤਵ ਨਾਲ ਇੱਥੇ ਮੀਟਿੰਗ ਕੀਤੀ ਗਈ| ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਨੰਬਰਦਾਰੀ ਰੁਤਬੇ ਨੂੰ ਬਹਾਲ ਰੱਖਣ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ| ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਮੰਨਣ ਤੋਂ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ| ਉਨ੍ਹਾਂ ਕਿਹਾ ਕਿ ਜਥੇਬੰਦੀ ਨਾਲ ਜੁੜੇ ਕਈ ਆਗੂ ਯੂਨੀਅਨ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇਣ ਦੇ ਰਹੇ ਹਨ| ਇਸ ਮੀਟਿੰਗ ਨੂੰ ਯੂਨੀਅਨ ਦੇ ਸੂਬਾ ਆਗੂ ਸੁਰਜੀਤ ਸਿੰਘ ਨੱਨਹੇੜਾ, ਦਰਸ਼ਨ ਸਿੰਘ ਮਾਲਵਾ, ਰਛਪਾਲ ਸਿੰਘ ਅਤੇ ਜਸਵਿੰਦਰ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ| ਜ਼ਿਲ੍ਹਾ ਪੱਧਰੀ ਚੋਣ ਵਿੱਚ ਚੇਅਰਮੈਨ ਹਰਭਜਨ ਸਿੰਘ, ਸਲਾਹਕਾਰ ਬਲਵਿੰਦਰ ਸਿੰਘ, ਪ੍ਰਧਾਨ ਭਾਕਰ ਸਿੰਘ, ਮੀਤ ਪ੍ਰਧਾਨ ਦਰਸਨ ਸਿੰਘ, ਗੁਰਾਦਿੱਤਾ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਅਤੇ ਖਚਾਨਚੀ ਰੇਸ਼ਮ ਸਿੰਘ ਚੁਣੇ ਗਏ| ਮੇਜਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ|