ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 8 ਨਵੰਬਰ
ਇੱਥੋਂ ਦੀ ਸਰਕਾਰੀ ਆਯੁਰਵੈਦਿਕ ਯੂਨਾਨੀ ਡਿਸਪੈਂਸਰੀ ’ਤੇ ਲੰਘੇ ਚਾਰ ਸਾਲਾਂ ਤੋਂ ਨਗਰ ਪੰਚਾਇਤ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਭਾਰਤ ਸਰਕਾਰ ਦੀ ਦਿਹਾਤੀ ਸਿਹਤ ਮਿਸ਼ਨ ਯੋਜਨਾ ਤਹਿਤ ਸਾਲ 2008 ਵਿਚ ਇਸ ਡਿਸਪੈਂਸਰੀ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਸਾਲ 2017 ਤੱਕ ਇਹ ਮਰੀਜ਼ਾਂ ਦਾ ਇਲਾਜ ਕਰਦੀ ਰਹੀ। ਸਾਲ 2017 ਤੋਂ ਇੱਥੇ ਆਯੁਰਵੈਦਿਕ ਡਾਕਟਰ ਦੀ ਪੋਸਟ ਖਾਲੀ ਚਲੀ ਆ ਰਹੀ ਹੈ। ਭਾਰਤ ਸਰਕਾਰ ਨੇ ਸਾਲ 2015 ਵਿੱਚ ਤਿੱਨ ਲੱਖ ਰੁਪਏ ਦੀ ਲਾਗਤ ਨਾਲ ਡਿਸਪੈਂਸਰੀ ਨੂੰ ਪੂਰੀਆਂ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਸੀ। ਡਿਸਪੈਂਸਰੀ ਵਿੱਚ ਡਾਕਟਰ ਦੀ ਅਸਾਮੀ ਖਾਲੀ ਹੋਣ ਅਤੇ ਨਵੰਬਰ 2017 ਤੋਂ ਸਰਕਾਰੀ ਹਸਪਤਾਲ ਨਵੀਂ ਇਮਾਰਤ ਵਿੱਚ ਤਬਦੀਲ ਹੋਣ ਤੋਂ ਬਾਅਦ ਇਸ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਲਗਪਗ ਚਾਰ ਸਾਲ ਪਹਿਲਾਂ ਫਤਹਿਗੜ੍ਹ ਪੰਜਤੂਰ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਣ ਤੋਂ ਬਾਅਦ ਇਸ ਇਮਾਰਤ ਵਿੱਚ ਨਗਰ ਪੰਚਾਇਤ ਦਫਤਰ ਬਣਾ ਦਿੱਤਾ ਗਿਆ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਨੇ ਡਿਸਪੈਂਸਰੀ ਵਾਲੀ ਇਮਾਰਤ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਡਿਸਪੈਂਸਰੀ ਵਿਚ ਪਿਆ ਫਰਨੀਚਰ ਅਤੇ ਦਵਾਈਆਂ ਅਤੇ ਹੋਰ ਸਾਜ਼ੋ ਸਾਮਾਨ ਨੂੰ ਵੀ ਨਗਰ ਪੰਚਾਇਤ ਪ੍ਰਸ਼ਾਸਨ ਵੱਲੋਂ ਖੁਰਦ ਬੁਰਦ ਕਰਨ ਦੀ ਸੂਚਨਾ ਹੈ। ਡਿਸਪੈਂਸਰੀ ਦੀ ਦੇਖ ਭਾਲ ਲਈ ਨਿਯੁਕਤ ਉਪਵੈਦ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਨੇਕਾਂ ਵਾਰ ਨਗਰ ਪੰਚਾਇਤ ਪ੍ਰਸ਼ਾਸਨ ਨੂੰ ਡਿਸਪੈਂਸਰੀ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਕੀਤੀ ਅਤੇ ਡਿਸਪੈਂਸਰੀ ਵਿਚਲਾ ਸਾਰਾ ਸਾਜ਼ੋ ਸਾਮਾਨ ਦੇਣ ਦੀ ਵੀ ਮੰਗ ਕੀਤੀ ਪਰ ਵਿਭਾਗੀ ਪੱਤਰ ਭੇਜੇ ਜਾਣ ਦੇ ਬਾਵਜੂਦ ਵੀ ਨਗਰ ਪੰਚਾਇਤ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਚਾਰ ਸਾਲ ਪਹਿਲਾਂ ਸਾਰਾ ਸਾਮਾਨ ਅੰਦਰ ਰੱਖ ਕੇ ਤਾਲਾ ਲਗਾਇਆ ਸੀ ਪਰ ਨਗਰ ਪੰਚਾਇਤ ਪ੍ਰਸ਼ਾਸਨ ਨੇ ਤਾਲਾ ਤੋੜ ਕੇ ਡਿਸਪੈਂਸਰੀ ਉੱਪਰ ਕਬਜ਼ਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਉਧਰ ਆਯੁਰਵੈਦਿਕ ਵਿਭਾਗ ਦੀ ਡਾਇਰੈਕਟਰ ਪੂਨਮ ਵਸ਼ਿਸ਼ਟ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਇੱਕ ਦੋ ਿਦਨ ਤੱਕ ਦਫ਼ਤਰੀ ਰਿਪੋਰਟ ਲੈ ਕੇ ਮਸਲਾ ਹੱਲ ਕੀਤਾ ਜਾਵੇਗਾ ਤੇ ਡਿਸਪੈਂਸਰੀ ਨੂੰ ਚਾਲੂ ਕੀਤਾ ਜਾਵੇਗਾ।
ਸਿਹਤ ਵਿਭਾਗ ਦਾ ਇਮਾਰਤ ’ਤੇ ਕੋਈ ਅਧਿਕਾਰ ਨਹੀਂ: ਕਾਰਜਸਾਧਕ ਅਫ਼ਸਰ
ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਦਾ ਕਹਿਣਾ ਹੈ ਕਿ ਨਗਰ ਪੰਚਾਇਤ ਦਫ਼ਤਰ ਵਾਲੀ ਜਗ੍ਹਾ ’ਤੇ ਪਹਿਲਾਂ ਸਰਕਾਰੀ ਹਸਪਤਾਲ ਬਣਿਆ ਹੋਇਆ ਸੀ। ਸਾਲ 2017 ਵਿੱਚ ਹਸਪਤਾਲ ਨੂੰ ਨਵੀਂ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਲਈ ਇਸ ਪੰਚਾਇਤੀ ਇਮਾਰਤ ਵਿਚ ਨਗਰ ਪੰਚਾਇਤ ਨੇ ਆਪਣਾ ਦਫ਼ਤਰ ਬਣਾ ਲਿਆ। ਉਨ੍ਹਾਂ ਕਿਹਾ ਕਿ ਹੁਣ ਸਿਹਤ ਵਿਭਾਗ ਦਾ ਇਸ ਇਮਾਰਤ ਉੱਪਰ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਵਿਭਾਗ ਨੂੰ ਇਸ ਇਮਾਰਤ ਵਿੱਚ ਆਪਣਾ ਸਾਮਾਨ ਚੁੱਕਣ ਲਈ ਪੱਤਰ ਵੀ ਭੇਜੇ ਗਏ ਹਨ।