ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਨਵੰਬਰ
ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਲਈ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਇਸ ਲਈ ਜ਼ਿਲ੍ਹੇ ’ਚ ਅਧਿਕਾਰੀਆਂ ਦੀ ਅਗਵਾਈ ਵਿਚ ਗਠਿਤ ਟੀਮਾਂ ਗਠਿਤ ਵੱਲੋਂ ਖਾਦ ਡੀਲਰਾਂ, ਖਾਦ ਦੀਆਂ ਦੁਕਾਨਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਨਰਿੰਦਰ ਪਾਲ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਇਹ ਟੀਮਾਂ ਗ਼ੈਰ-ਕਾਨੂੰਨੀ ਖਾਦ ਭੰਡਾਰਨ ਦੀ ਜਾਂਚ ਕਰਨ ਤੋਂ ਇਲਾਵਾ ਇਹ ਵੀ ਪੜਤਾਲ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਜਬਰਦਸਤੀ ਕੋਈ ਹੋਰ ਚੀਜ਼ ਤਾਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਕ੍ਰੇਤਾ ਨੇ ਕਿਸਾਨਾਂ ਨੂੰ ਖਾਦਾਂ ਨਾਲ ਬੇਲੋੜਾ ਸਾਮਾਨ ਦੇਣ ਦੀ ਕੋਸ਼ਿਸ਼ ਕੀਤੀ ਜਾਂ ਵੱਧ ਕੀਮਤ ਲਾਈ ਤਾਂ ਵਿਭਾਗ ਵੱਲੋਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸਰੁੱਖਿਆ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਹੇਠ ਉਡਣ ਦਸਤੇ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੁਕਾਨਾਂ ਵਿੱਚ ਪਿਆ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆ ਦਾ ਸਟਾਕ ਅਤੇ ਰਿਕਾਰਡ ਚੈਕ ਕੀਤਾ। ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਨੇ ਸਖਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖਾਦਾਂ ਦੇ ਨਾਲ ਕਿਸੇ ਵੀ ਕਿਸਮ ਦੀ ਟੈਗਿੰਗ ਨਾ ਕੀਤੀ ਜਾਵੇ।