ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੂਨ
ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਾਨਸਾ ਵੱਲੋਂ ਅਣਮਿੱਥੇ ਸਮੇਂ ਦੀ ਸਮੂਹਿਕ ਛੁੱਟੀ ’ਤੇ ਚੱਲਦਿਆਂ ਜ਼ਿਲ੍ਹੇ ਦੀਆਂ ਸਬ ਤਹਿਸੀਲਾਂ ਤੋਂ ਡੀ.ਸੀ.ਦਫਤਰ ਤੱਕ ਦੇ ਕਰਮਚਾਰੀਆਂ ਵੱਲੋਂ ਅੱਜ 11ਵੇਂ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜੋ ਨੇ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ ਸੀ, ਪ੍ਰੰਤੂ ਹੁਣ ਸਰਕਾਰ ਇਨ੍ਹਾਂ ਮੰਗਾਂ ਨੂੰ ਮੰਨਣ ਵਿੱਚ ਦੇਰੀ ਕਰਕੇ ਕਰਮਚਾਰੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਡੀ.ਸੀ. ਦਫਤਰਾਂ ਦੇ ਸੀਨੀਅਰ ਸਹਾਇਕ ਜੋ ਨਾਇਬ ਤਹਿਸੀਲਦਾਰ ਦਾ ਪੇਪਰ ਪਾਸ ਕਰ ਚੁੱਕੇ ਹਨ, ਨੂੰ 25% ਕੋਟਾ ਦੇ ਕੇ ਤਹਿਸੀਲਾਂ ਵਿੱਚ ਨਾਇਬ ਤਹਿਸੀਲਦਾਰ ਲਗਾਉਣ, ਸੁਪਰਡੈਂਟ ਗਰੇਡ-1, ਸੁਪਰਡੈਂਟ ਗਰੇਡ-2, ਕਲਰਕ ਅਤੇ ਸਟੈਨੋ ਕੇਡਰ ਦੀਆਂ ਪਦ ਉਨਤੀਆਂ ਵਰਗੇ ਫੈਸਲੇ ਲਾਗੂ ਨਾ ਕਰਕੇ ਆਪਣਾ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਵਾਲਾ ਚਿਹਰਾ ਦਿਖਾ ਰਹੀ ਹੈ।
ਯੂਨੀਅਨ ਦੀ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਨਵੀਂ ਭਰਤੀ ਮੁਲਾਜ਼ਮਾਂ ਨੂੰ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵਾਂ ਪੇ-ਕਮਿਸ਼ਨ ਤੁਰੰਤ ਲਾਗੂ ਕਰਨਾ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਸਮੇਤ ਏਰੀਅਰ ਦੇਣਾ, ਕੱਚੇ ਕਾਮੇ ਪੱਕੇ ਕਰਨਾ, ਘਰ-ਘਰ ਨੌਕਰੀ (ਨਵੀਂ ਭਰਤੀ) ਆਦਿ ਵਾਅਦੇ ਤੁਰੰਤ ਪੂਰੇ ਕੀਤੇ ਜਾਣ ਅਤੇ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ 2400/-ਰੁਪਏ ਦਾ ਵਿਕਾਸ ਟੈਕਸ ਦੇ ਨਾਮ ’ਤੇ ਕੀਤੀ ਜਾਂਦੀ ਉਗਰਾਹੀ, ਕੇਂਦਰ ਸਰਕਾਰ ਦੀ ਤਰਜ਼ ’ਤੇ ਨਵੇਂ ਕਰਮਚਾਰੀ ਭਰਤੀ, ਸਰਕਾਰੀ ਵਿਭਾਗਾਂ ਵਿੱਚ ਪੋਸਟਾਂ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਵਿਭਾਗਾ ਵਿੱਚ ਲੈ ਕੇ ਆਉਣ ਵਰਗੇ ਨਾਦਰਸ਼ਾਹੀ ਫਰਮਾਨ ਵਾਪਸ ਲਏ ਜਾਣ।
ਇਸ ਮੌਕੇ ਰਘਵੀਰ ਸਿੰਘ ਝੱਬਰ, ਜਗਸੀਰ ਸਿੰਘ, ਗੁਰਮੀਤ ਸਿੰਘ ਗਾਗੋਵਾਲ, ਲਾਲ ਸਿੰਘ, ਗੁਰਤੇਜ ਸਿੰਘ ਘਰਾਂਗਣਾ, ਬਲਜਿੰਦਰ ਸਿੰਘ ਬਰਨ, ਅੰਮ੍ਰਿਤਪਾਲ ਕੌਰ, ਅਮਰਜੀਤ ਸਿੰਘ, ਮਨੋਜ ਕੁਮਾਰ, ਰਣਧੀਰ ਸਿੰਘ, ਧਰਮਜੀਤ ਸਿੰਘ, ਸੁਸੀਲ ਕੁਮਾਰ, ਬਲਵਿੰਦਰ ਸਿੰਘ, ਅਮਰੀਕ ਸਿੰਘ, ਸੁਖਦਰਸ਼ਨ ਸਿੰਘ ਕੁਲਾਣਾ, ਗੁਰਮੇਲ ਕੌਰ, ਹਰੀਸ਼ ਕੁਮਾਰ, ਕ੍ਰਿਸ਼ਨ ਲਾਲ ਤੇ ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।