ਪੱਤਰ ਪ੍ਰੇਰਕ
ਜਲੰਧਰ, 24 ਜੂਨ
ਇੱਥੇ ਮਾਡਲ ਟਾਊਨ ਨੇੜੇ ਮੋਟਰਸਾਈਕਲ ਸਵਾਰ ਲੁਟੇਰੇ ਇਕ ਬਿਰਧ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਇਹ ਘਟਨਾ ਥਾਣੇ ਤੋਂ ਮਹਿਜ਼ 20 ਮੀਟਰ ਅਤੇ ਪੁਲੀਸ ਦੀ ਹਾਈਟੈਕ ਚੈੱਕ ਪੋਸਟ ਤੋਂ 25 ਮੀਟਰ ਦੀ ਦੂਰੀ ’ਤੇ ਵਾਪਰੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੇਵਾਮੁਕਤ ਅਧਿਕਾਰੀ ਦਰਬਾਰੀ ਲਾਲ ਨੇ ਦੱਸਿਆ ਕਿ ਉਹ ਅਸਲ ਵਿੱਚ ਜਲੰਧਰ ਹਾਈਟਸ ਪਾਰਟ-2 ਦਾ ਵਸਨੀਕ ਹੈ। ਅੱਜ ਸਵੇਰੇ ਉਸ ਨੂੰ ਮਹਾਜਨ ਹਸਪਤਾਲ ਜਾਣਾ ਪਿਆ, ਜਿੱਥੇ ਉਸ ਨੇ ਆਪਣੀ ਪਤਨੀ ਸੁਰਿੰਦਰ ਕੌਰ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਸੀ। ਉਹ ਮਾਡਲ ਟਾਊਨ ਮੇਨ ਬਾਜ਼ਾਰ ਨੇੜੇ ਸਨ, ਜਦੋਂ ਮੋਟਰਸਾਈਕਲ ’ਤੇ ਸਵਾਰ ਲੁਟੇਰੇ ਉਸ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ।