ਪੱਤਰ ਪ੍ਰੇਰਕ
ਟੱਲੇਵਾਲ, 25 ਅਗਸਤ
ਬਰਨਾਲਾ ਦੇ ਗੀਤਾ ਭਵਨ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸੇ ਤਹਿਤ ਅੱਜ ਸਵੇਰ ਸਮੇਂ ਪ੍ਰਭਾਤ ਫ਼ੇਰੀ ਕੱਢੀ ਗਈ। ਗੀਤਾ ਭਵਨ ਦੇ ਬਸੰਤ ਕੁਮਾਰ ਗੋਇਲ ਅਤੇ ਰਾਜਿੰਦਰ ਗਾਰਗੀ ਨੇ ਦੱਸਿਆ ਕਿ ਪ੍ਰਭਾਤ ਫ਼ੇਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਫਰਵਾਹੀ ਬਾਜ਼ਾਰ, ਸਦਰ ਬਾਜ਼ਾਰ, ਪੱਕਾ ਕਾਲਜ ਰੋਡ ਅਤੇ ਵੱਖ-ਵੱਖ ਸ਼ਹਿਰ ਦੇ ਮੰਦਰਾਂ ਵਿੱਚ ਦੀ ਹੁੰਦੇ ਹੋਏ ਵਾਪਰ ਗੀਤਾ ਭਵਨ ਪਰਤੀ ਹੈ।। ਉਨ੍ਹਾਂ ਦੱਸਿਆ ਕਿ ਗੀਤਾ ਭਵਨ ਵਿੱਚ ਸ਼ੁਰੂ ਹੋਏ ਇਹ ਸਮਾਗਮ ਸੋਮਵਾਰ ਦੇਰ ਰਾਤ ਤੱਕ ਚੱਲਣਗੇ। ਇਸ ਪ੍ਰਭਾਤ ਫ਼ੇਰੀ ਮੌਕੇ ਸ਼ਹਿਰ ਵਿੱਚ ਮਾੜੇ ਟਰੈਫ਼ਿਕ ਪ੍ਰਬੰਧਾਂ ਦੇ ਰੋਸ ਵਿੱਚ ਕ੍ਰਿਸ਼ਨ ਭਗਤਾਂ ਵੱਲੋਂ ਕੁੱਝ ਸਮੇਂ ਲਈ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਗੀਤਾ ਭਵਨ ਟਰੱਸਟ ਮੈਂਬਰ ਰਾਜੂ ਕਾਂਸਲ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਪ੍ਰਭਾਤ ਫੇਰੀ ਲਈ ਕੋਈ ਟਰੈਫਿਕ ਪ੍ਰਬੰਧ ਨਹੀਂ ਕੀਤੇ। ਇਸ ਕਰਕੇ ਉਨ੍ਹਾਂ ਨੂੰ ਆਪਣਾ ਰੋਸ ਜ਼ਾਹਰ ਕਰਨਾ ਪਿਆ ਹੈ। ਉਥੇ ਧਰਨਾ ਲਗਾਉਣ ਤੋਂ ਕੁੱਝ ਮਿੰਟਾਂ ਬਾਅਦ ਹੀ ਪੁਲੀਸ ਦੇ ਕੁੱਝ ਮੁਲਾਜ਼ਮ ਮੌਕੇ ’ਤੇ ਪੁੱਜ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਕੋਸ਼ਿਸ਼ ਕੀਤੀ।
ਮਮਦੋਟ (ਪੱਤਰ ਪ੍ਰੇਰਕ): ਸਥਾਨਕ ਸਿਟੀ ਹਾਰਟ ਸਕੂਲ ਵਿੱਚ ਜਨਮ ਅਸ਼ਟਮੀ ਮਨਾਈ ਗਈ। ਪ੍ਰਿੰਸੀਪਲ ਰਜਨੀ ਸ਼ਰਮਾ ਦੀ ਸਰਪਰਸਤੀ ਹੇਠ ਸ੍ਰੀ ਰਾਮ ਪ੍ਰਤਾਪ ਸ਼ਰਮਾ ਐਜੂਕੇਸ਼ਨਲ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਦੇ ਸ਼ੁਰੂ ਵਿੱਚ ਰਾਧਾ ਕ੍ਰਿਸ਼ਨ ਦੇ ਰੂਪ ਵਿਚ ਸਜੇ ਨੰਨ੍ਹੇ ਮੁੰਨੇ ਬੱਚਿਆਂ ਨੇ ਭਜਨ ਗਾ ਕੇ ਸਭ ਨੂੰ ਝੂਮਣ ਲੈ ਦਿੱਤਾ।
ਮਾਨਸਾ (ਪੱਤਰ ਪ੍ਰੇਰਕ): ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ (ਮਾਨਸਾ) ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਯੋਗਿਤਾ ਭਾਟੀਆ ਵੱਲੋਂ ਦੀਪ ਜਗਾ ਕੇ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਨਾਲ ਕੀਤੀ ਗਈ। ਮਗਰੋਂ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ।