ਇਕਬਾਲ ਸਿੰਘ ਸ਼ਾਂਤ
ਲੰਬੀ, 14 ਸਤੰਬਰ
ਕੈਪਟਨ ਸਰਕਾਰ ਦੀ ਤੰਗਦਿਲੀ ਕਾਰਨ ਹਲਕਾ ਲੰਬੀ ਦੀ ਕਰੀਬ ਢਾਈ ਲੱਖ ਆਬਾਦੀ ਸਿਰਫ਼ ਤਿੰਨ ਸੇਵਾ ਕੇਂਦਰ ਤੱਕ ਸੀਮਤ ਕਰ ਦਿੱਤੀ ਹੈ। ਟਾਈਪ-3 ਕਿਸਮ ਦੇ ਇਨ੍ਹਾਂ ਸੇਵਾ ਕੇਂਦਰਾਂ ’ਤੇ ਤਿੰਨ-ਤਿੰਨ ਮੁਲਾਜ਼ਮ ਹਨ। ਵੀਆਈਪੀ ਹਲਕੇ ਦੇ 84 ਹਜ਼ਾਰ ਲੋਕਾਂ ’ਤੇ ਸਿਰਫ਼ ਇੱਕ ਸੇਵਾ ਕੇਂਦਰ ਹੈ। ਤਤਕਾਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਸਮੇਂ ਮੰਡੀ ਕਿੱਲਿਆਂਵਾਲੀ, ਮਿਠੜੀ ਬੁੱਧਗਿਰ, ਘੁਮਿਆਰਾ, ਹਾਕੂਵਾਲਾ, ਭੀਟੀਵਾਲਾ, ਰੋੜਾਂਵਾਲੀ, ਸਿੱਖਵਾਲਾ, ਅਰਨੀਵਾਲਾ ਵਜੀਰਾਂ, ਮਾਹੂਆਣਾ, ਲੰਬੀ, ਚੰਨੂ, ਬਾਦਲ, ਮਹਿਣਾ ਅਤੇ ਭਾਈਕੇਰਾ ਸਮੇਤ ਹੋਰਨਾਂ ਪਿੰਡਾਂ ’ਚ ਸੇਵਾ ਕੇਂਦਰ ਖੋਲ੍ਹੇ ਗਏ ਸਨ ਪਰ ਕਾਂਗਰਸ ਸਰਕਾਰ ਬਣਨ ’ਤੇ ਲੰਬੀ, ਬਾਦਲ ਅਤੇ ਭਾਈਕੇਰਾ (ਮਹਿਮੂਦਖੇੜਾ) ਨੂੰ ਛੱਡ ਕੇ ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ। ਸਰਾਵਾਂ ਜ਼ੈਲ ਦੇ ਡੇਢ ਦਰਜਨ ਪਿੰਡਾਂ ਦੇ ਹਜ਼ਾਰਾਂ ਲੋਕ ਭਾਈਕੇਰਾ ਦੇ ਇਲਾਵਾ ਮਲੋਟ ਦੇ ਸੇਵਾ ਕੇਂਦਰਾਂ ’ਤੇ ਮੁਨਹੱਸਰ ਹਨ। ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70 ਸੇਵਾ ਕੇਂਦਰ ਹੁੰਦੇ ਸਨ, ਹੁਣ ਸਿਰਫ਼ 15 ਸੇਵਾ ਕੇਂਦਰ ਹਨ, ਜਿਨ੍ਹਾਂ ਦੀ ਰੋਜ਼ਾਨਾ ਪ੍ਰਤੀ ਕੇਂਦਰ ਫਾਈਲ ਨਿਪਟਾਊ ਸਮਰੱਥਾ 70 ਤੋਂ 80 ਫਾਈਲਾਂ ਹੈ। ਤਿੰਨੇ ਸੇਵਾ ਕੇਂਦਰਾਂ ’ਤੇ ਕੁੱੱਲ 210 ਤੋਂ 240 ਫਾਈਲਾਂ ਰੋਜ਼ਾਨਾ ਦੇ ਮੁਤਾਬਕ ਅੰਦਾਜ਼ਨ ਢਾਈ ਲੱਖ ਵਿਅਕਤੀਆਂ ’ਤੇ ਸਿਰਫ਼ 0.10 ਫ਼ੀਸਦੀ ਵਿਅਕਤੀਆਂ ਨੂੰ ਹੀ ਸੇਵਾ ਕੇਂਦਰ ਦਾ ਲਾਭ ਮਿਲਦਾ ਹੈ।
ਅਜਿਹੇ ਵਿੱਚ ਲੰਬੀ, ਬਾਦਲ ਅਤੇ ਭਾਈਕੇਰਾ ਦੇ ਸੇਵਾ ਕੇਂਦਰਾਂ ’ਤੇ ਸਵੇਰੇ ਅੱਠ ਵਜੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਪਰ ਸੱਤਰ ਫਾਈਲਾਂ ਦੀ ਸਮਰੱਥਾ ਸੀਮਤ ਹੋਣ ਕਰਕੇ ਕੰਮ ਛੱਡ ਕੇ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਆਮ ਜਨਤਾ ਦਾ ਕਹਿਣਾ ਹੈ ਕਿ ਸੇਵਾ ਕੇਂਦਰਾਂ ’ਤੇ ਫੀਸ ਮਹਿੰਗੀ ਹੋ ਰਹੀ ਹੈ, ਪਰ ਸੁਵਿਧਾ ਨਹੀਂ ਮਿਲ ਰਹੀ ਹੈ। ਮੰਡੀ ਕਿੱਲਿਆਂਵਾਲੀ ਵਿਖੇ ਸੇਵਾ ਕੇਂਦਰ ਵਾਲੀ ਇਮਾਰਤ ਨੂੰ ਸਿਹਤ ਵਿਭਾਗ ਵੱਲੋਂ ਤੰਦਰੁਸਤ ਪੰਜਾਬ (ਆਯੂਸ਼ਮਾਨ ਭਾਰਤ) ਸਿਹਤ ਕੇਂਦਰ ਖੋਲ੍ਹ ਰੱਖਿਆ ਹੈ। ਇਸ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਡਿਪਟੀ ਕਮਿਸ਼ਨਰ ਅਰਾਵਿੰਦ ਕੁਮਾਰ ਦਾ ਕਹਿਣਾ ਸੀ ਕਿ ਸੇਵਾ ਕੇਂਦਰ ਦੀ ਗਿਣਤੀ ਵਧਾਉਣ ਬਾਰੇ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ।