ਪੱਤਰ ਪ੍ਰੇਰਕ
ਨਥਾਣਾ, 22 ਜੂਨ
ਪਿੰਡ ਕਲਿਆਣ ਸੁੱਖਾ ਵਿੱਚ ਅੱਜ ਬਾਅਦ ਦੁਪਹਿਰ ਦੋ ਧਿਰਾਂ ਵਿਚਕਾਰ ਗੋਲੀਆਂ ਚੱਲਣ ਕਾਰਨ ਪਿੰਡ ਦਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਨਥਾਣਾ ਦੇ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਨੂੰ ਇਲਾਜ ਵਾਸਤੇ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਕਲਿਆਣ ਸੁੱਖਾ ਦੇ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਅਤੇ ਜਸਵੰਤ ਸਿੰਘ ਤੇ ਬੇਅੰਤ ਸਿੰਘ ਵਿਚਕਾਰ ਪੁਰਾਣੀ ਰੰਜਸ਼ ਚੱਲਦੀ ਆ ਰਹੀ ਹੈ। ਕੱਲ੍ਹ ਵੀ ਦੋਵਾਂ ਧਿਰਾਂ ’ਚ ਤਣਾਅ ਵਾਲੀ ਸਥਿਤੀ ਬਣੀ ਸੀ ਜਿਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਦੂਜੀ ਧਿਰ ਮੌਕੇ ਤੋਂ ਫਰਾਰ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।