ਜਸਵੰਤ ਜੱਸ
ਫ਼ਰੀਦਕੋਟ, 6 ਜੂਨ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਚਲਾਈ ਮੁਹਿੰਮ ਤਹਿਤ ਰਾਜ ਦੇ ਮਿਹਨਤੀ ਅਧਿਆਪਕਾਂ ਨੇ ਜਿੱਥੇ ਸਰਕਾਰੀ ਸਕੂਲਾਂ ਦੀ ਖੂਬਸੂਰਤੀ ਵਧਾਈ ਹੈ, ਉੱਥੇ ਰਾਜ ਦੇ ਸਰਕਾਰੀ ਸਕੂਲਾਂ ਅੰਦਰ ਮਿਲਦੀਆਂ ਸਹੂਲਤਾਂ ਵੀ ਇੱਕ ਮਿਸਾਲ ਹਨ।
ਜੇਕਰ ਪੰਜਾਬ ਦੇ ਬਿਹਤਰੀਨ ਸਕੂਲਾਂ ਦੀ ਗੱਲ ਕਰੀਏ ਤਾਂ ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ ਮੂਹਰੇ ਆਉਂਦਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੇ ਦਿਨੀਂ ਨਗਦ ਇਨਾਮ ਲਈ ਚੁਣੇ ਗਏ ਸਰਕਾਰੀ ਮਿਡਲ ਸਕੂਲਾਂ ਦੀ ਸੂਚੀ ’ਚ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਦਾ ਨਾਮ ਆਉਣ ਤੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਦੇ ਮੁਖੀ ਸੁਰਿੰਦਰ ਪੁਰੀ, ਅਧਿਆਪਕ ਪਰਮਜੀਤ ਸਿੰਘ, ਜਸਬੀਰ ਕੌਰ, ਸੰਦੀਪ ਸਿੰਘ, ਜਸਪਾਲ ਸਿੰਘ, ਰੁਪਿੰਦਰ ਕੌਰ ਨੇ ਸਕੂਲ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮਰਪਿਤ ਹੋ ਕੇ ਸਖ਼ਤ ਮਿਹਨਤ ਕੀਤੀ ਹੈ ਜੋ ਸਕੂਲ ਵਿੱਚ ਪ੍ਰਵੇਸ਼ ਕਰਨ ‘ਤੇ ਪਹਿਲੀ ਨਜ਼ਰੇ ਹੀ ਸਾਹਮਣੇ ਆ ਜਾਂਦੀ ਹੈ। ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਲਈ ਸ਼ਾਨਦਾਰ ਲ਼ਾਇਬ੍ਰੇਰੀ ਹੈ, ਜਿਸ ’ਚ ਲਗਭਗ 1000 ਕਿਤਾਬਾਂ ਹਨ ਜੋ ਬੱਚਿਆਂ ਅਤੇ ਪਿੰਡ ਵਾਸੀਆਂ ਲਈ ਹਨ। ਇਸ ਤੋਂ ਇਲਾਵਾ ਕੰਪਿਊਟਰ ਲੈਬ, ਸ਼ਾਨਦਾਰ ਫਰਨੀਚਰ ਦਾ ਵੀ ਪ੍ਰਬੰਧ ਹੈ। ਸਕੂਲ ਅੰਦਰ ਜਮਾਤਾਂ ’ਚ ਜਿੱਥੇ ਬੱਚਿਆਂ ਦੇ ਬੈਠਣ ਲਈ ਸ਼ਾਨਦਾਰ ਅਤੇ ਆਰਮਦਾਇਕ ਫਰਨੀਚਰ ਹੈ, ਨਾਲ ਹੀ ਸਮਾਰਟ ਐਲ.ਈ.ਡੀ.ਅਤੇ ਪ੍ਰਜੈਕਟਰ ਵੀ ਹਰ ਕਲਾਸ ’ਚ ਸਥਾਪਿਤ ਹਨ।
ਸਕੂਲ਼ ’ਚ ਬਾਰਿਸ਼ ਦਾ ਪਾਣੀ ਸਕੂਲ ’ਚ ਬਣੇ ਸੋਕ ਪਿਟ ਅੰਦਰ ਇਕੱਠਾ ਹੁੰਦਾ ਹੈ ਤੇ ਇਸ ਪਾਣੀ ਨੂੰ ਰੀਸਾਈਕਲ ਕਰ ਕੇ ਜ਼ਮੀਨ ’ਚ ਹੀ ਜਮ੍ਹਾਂ ਕਰਦਾ ਹੈ। ਬੱਚਿਆਂ ਦੀ ਸਹੂਲਤ ਲਈ ਹੈਂਡ ਵਾਸ਼ ਸਟੇਸ਼ਨ ਅਤੇ ਗੀਜ਼ਰ ਦਾ ਖਾਸ ਪ੍ਰਬੰਧ ਹੈ। ਬੱਚਿਆਂ ਦੇ ਖੇਡਣ ਲਈ ਸ਼ਾਨਦਾਰ ਬੈਡਮਿੰਟਨ ਕੋਰਟ ਹਮੇਸ਼ਾਂ ਖਿੱਚ ਦਾ ਕੇਂਦਰ ਰਿਹਾ ਹੈ। ਇਸ ਸਕੂਲ ’ਚ ਬਾਹਰ ਤੋਂ ਦਾਖਲ ਹੋਣ ਵਾਲੇ ਸਕੂਲ ਨੂੰ ਸਟਾਫ਼ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਈਕਲ ਦੇਣ ਦੀ ਰਵਾਇਤ ਵੀ ਕਾਇਮ ਕੀਤੀ ਗਈ ਹੈ। ਹੁਣ ਤੱਕ 20 ਤੋਂ ਵੱਧ ਬੱਚਿਆਂ ਨੂੰ ਸਾਈਕਲ ਦਿੱਤੇ ਜਾ ਚੁੁੱਕੇ ਹਨ। ਇਹ ਸਕੂਲ਼ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਦੇ ਵਧੀਆ ਸਕੂਲ਼ਾਂ ’ਚ ਪਹਿਲੀਆਂ ਤਿੰਨ ਪੁਜੀਸ਼ਨਾਂ ’ਚ ਹਮੇਸ਼ਾਂ ਰਿਹਾ ਹੈ। ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲ ਦਾ ਆਧੁਨਿਕ ਸਹੂਲਤਾਂ ਨਾਲ ਲੈਸ ਹੁੰਦਿਆਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਪਿੰਡ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਚਾਇਤ, ਦਾਨੀ ਸੱਜਣ ਅਤੇ ਸਕੂਲ ਪ੍ਰਬੰਧਕ ਨਿਰੰਤਰ ਸਕੂਲ ਅਤੇ ਬੱਚਿਆਂ ਦੀ ਭਲਾਈ ਵਾਸਤੇ ਯਤਨਸ਼ੀਲ ਰਹਿਣਗੇ।