ਹਰਦੀਪ ਸਿੰਘ ਜਟਾਣਾ
ਮਾਨਸਾ, 9 ਮਈ
ਖਿਆਲਾਂ ਕਲਾਂ ਦੇ ਕਿਸਾਨ ਅਮਰੀਕ ਸਿੰਘ ਨੇ ਕਣਕ ਤੇ ਝੋਨੇ ਦਾ ਫਸਲੀ ਚੱਕਰ ਤਿਆਗ ਕੇ ਆਪਣੀ ਆਮਦਨੀ ਚੌਗਣੀ ਕਰ ਲਈ ਹੈ। ਪਿਆਜ਼ ਦੀ ਪਨੀਰੀ ਅਤੇ ਬੀਜ ਤਿਆਰ ਕਰਨ ਵਾਲੇ ਇਸ ਕਿਸਾਨ ਨੇ ਜਿੱਥੇ ਆਪਣੀ ਆਮਦਨ ਨੂੰ ਚਾਰ ਚੰਨ ਲਗਾਏ ਹਨ ਉੱਥੇ ਵੱਡੀ ਗਿਣਤੀ ਮਜ਼ਦੂੂਰਾਂ ਨੂੰ ਪੱਕਾ ਰੁਜ਼ਗਾਰ ਵੀ ਦਿੱਤਾ ਹੈ। ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੇ ਗਿਆਰਾਂ ਸਾਲ ਪਹਿਲਾਂ ਪਿਆਜ਼ ਦੀ ਪਨੀਰੀ ਤਿਆਰ ਕਰਨੀ ਸ਼ੁਰੂ ਕੀਤੀ ਸੀ। ਫਿਰ ਵਿਹਲੇ ਖੇਤ ਵਿੱਚ ਪਿਆਜ਼ ਦੀ ਖੇਤੀ ਸ਼ੁਰੂ ਕੀਤੀ ਅਤੇ ਹੁਣ ਉਹ ਪਿਆਜ਼ ਦਾ ਬੀਜ ਵੀ ਖੁਦ ਤਿਆਰ ਕਰਨ ਲੱਗ ਪਿਆ ਹੈ। ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਚਾਰ ਏਕੜ ਵਿੱਚ ਬੀਜ ਤਿਆਰ ਕਰਦਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਤਿਆਰ ਬੀਜ ਪੂਰੇ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੱਕ ਜਾਂਦਾ ਹੈ। ਉਸ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਆਪਣੀਆਂ ਜ਼ਰੂਰਤਾਂ ਜਿੰਨਾਂ ਪਿਆਜ਼ ਵੀ ਪੈਦਾ ਕਰਨ ਲੱਗ ਜਾਣ ਤਾਂ ਇਹ ਖੇਤਰ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਿਆਲਾ ਕਲਾਂ ਦੇ ਅੱਧੀ ਦਰਜਨ ਕਿਸਾਨ ਪਿਆਜ਼ ਦੀ ਖੇਤੀ ਕਰਨ ਲੱਗ ਪਏ ਹਨ।