ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਜੂਨ
ਟੱਲੇਵਾਲ ਦੀ 65 ਸਾਲਾ ਨਸੀਬ ਕੌਰ ਨੂੰ ਜ਼ਿੰਦਗੀ ਦੇ ਸਫ਼ਰ ’ਚ ਸਿਰਫ਼ ਦੁੱਖਾਂ ਦਾ ਸਾਹਮਣਾ ਹੀ ਕਰਨਾ ਪਿਆ। ਜ਼ਿੰਦਗੀ ਦੇ ਆਖ਼ਰੀ ਪੜਾਅ ’ਚ ਆਪਣੇ ਪੁੱਤ ਅਤੇ ਅਪਾਹਜ ਪਤੀ ਦੀ ਸੰਭਾਲ ਲਈ ਮੱਦਦ ਦੀ ਅਪੀਲ ਕਰ ਰਹੀ ਹੈ। ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਇਸ ਪਰਿਵਾਰ ਕੋਲ ਜ਼ਮੀਨ ਨਹੀਂ ਰਹੀ। ਨਸੀਬ ਕੌਰ ਦੇ ਦੋ ਧੀਆਂ ਅਤੇ ਦੋ ਪੁੱਤ ਸਨ। ਇਨ੍ਹਾਂ ਵਿੱਚੋਂ ਇੱਕ ਪੁੱਤਰ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਦੂਜਾ ਪੁੱਤ ਛੱਪੜ ’ਚ ਡੁੱਬਦਾ ਬਚ ਗਿਆ ਪਰ ਦਿਮਾਗੀ ਤੌਰ ’ਤੇ ਸਾਧਾਰਨ ਹੋ ਗਿਆ।
ਦੋਵੇਂ ਧੀਆਂ ਵਿਆਹ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਧੀ ਦਾ ਸਹੁਰਿਆਂ ਨਾਲ ਵਿਵਾਦ ਹੋ ਗਿਆ ਜਿਸਦੇ ਅੱਗੇ ਦੋ ਧੀਆਂ ਹੋ ਗਈਆਂ ਸਨ। ਆਪਣੀ ਧੀ ਨੂੰ ਤਾਂ ਅੱਗੇ ਹੋਰ ਕਿਤੇ ਵਿਆਹ ਦਿੱਤਾ, ਪਰ ਦੋਵੇਂ ਦੋਹਤੀਆਂ ਨੂੰ ਖ਼ੁਦ ਸੰਭਾਲਿਆ।
ਕੁਝ ਸਮਾਂ ਪਹਿਲਾਂ ਘਰਵਾਲੇ ਸੁਖਦੇਵ ਸਿੰਘ ਦੇ ਲੱਕ ਦਾ ਚੂਲਾ ਟੁੱਟ ਗਿਆ, ਜਿਸ ਕਰਕੇ ਉਹ ਕੰਮ ਕਰਨ ਤੋਂ ਅਸਰਮੱਥ ਹੋ ਗਿਆ। ਇਸ ਕਰਕੇ ਹੁਣ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਸਾਧਾਰਨ ਨੌਜਵਾਨ ਪੁੱਤ ਅਤੇ ਅਪਾਹਜ ਪਤੀ ਦੀ ਸੰਭਾਲ ਖ਼ੁਦ ਕਰ ਰਹੀ ਹੈ। ਖਾਣ ਲਈ ਦਾਣੇ ਵੀ ਆਂਢ-ਗੁਆਂਢ ਹੀ ਦੇ ਰਿਹਾ ਹੈ। ਤਿੰਨੇ ਜੀਆਂ ਦੀ ਭਾਵੇਂ ਸਰਕਾਰ ਨੇ ਪੈਨਸ਼ਨ ਲਗਾ ਦਿੱਤੀ, ਪਰ ਪੈਨਸ਼ਨ ਦੀ ਸਾਰੀ ਰਾਸ਼ੀ ਪੁੱਤ ਦੀ ਦਵਾਈ ’ਤੇ ਚਲੀ ਜਾਂਦੀ ਹੈ। ਇੰਜ ਘਰ ਦਾ ਰਾਸ਼ਨ ਤੱਕ ਲਿਆਉਣ ਲਈ ਪੈਸੇ ਨਹੀਂ ਬਚਦੇ। ਇਸ ਕਰਕੇ ਨਸੀਬ ਕੌਰ ਜ਼ਿੰਦਗੀ ਦੇ ਆਖਰੀ ਪੜਾਅ ’ਚ ਹਾਰ ਮੰਨ ਬੈਠੀ ਹੈ ਅਤੇ ਪੁੱਤ ਅਤੇ ਪਤੀ ਦੀ ਸੰਭਾਲ ਲਈ ਸਮਾਜ ਸੇਵੀਆਂ ਤੋਂ ਮੱਦਦ ਮੰਗ ਰਹੀ ਹੈ।