ਸ਼ਗਨ ਕਟਾਰੀਆ
ਬਠਿੰਡਾ, 12 ਸਤੰਬਰ
ਸਰਕਾਰੀ ਡਾਕਟਰਾਂ ਨੇ ਅੱਜ ਤੋਂ ਤਿੰਨ ਦਿਨਾਂ ਲਈ (14 ਸਤੰਬਰ ਤੱਕ) ਹੜਤਾਲ ਨੂੰ ਪੂਰੇ ਦਿਨ ’ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਧਾ ਦਿਨ ਹੜਤਾਲ ਕੀਤੀ ਜਾਂਦੀ ਸੀ। ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਪਰ ਓਪੀਡੀ ਬਿਲਕੁਲ ਬੰਦ ਰੱਖੀ ਜਾਵੇਗੀ।
ਲੰਘੇ ਦਿਨ ਹੜਤਾਲੀ ਡਾਕਟਰਾਂ ਦੇ ਵਫ਼ਦ ਅਤੇ ਸਿਹਤ ਮੰਤਰੀ ਪੰਜਾਬ ਵਿਚਾਲੇ ਮੰਗਾਂ ਬਾਰੇ ਮੀਟਿੰਗ ਹੋਈ ਸੀ ਪਰ ਮਾਮਲੇ ਕਿਸੇ ਸਿਰੇ ਨਾ ਲੱਗਣ ਕਾਰਣ ਡਾਕਟਰ ਅੰਦੋਲਨ ਕਰਨ ’ਤੇ ਅੜੇ ਹੋਏ ਹਨ। ਦੂਜੇ ਪਾਸੇ ਡਾਕਟਰਾਂ ਦੀ ਹੜਤਾਲ ਦਾ ਖ਼ਮਿਆਜ਼ਾ ਮਰੀਜ਼ਾਂ ਨੂੰ ਵੀ ਭੋਗਣਾ ਪੈ ਰਿਹਾ ਹੈ। ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਮਰੀਜ਼ ਚੈਕਅਪ ਅਤੇ ਦਵਾਈਆਂ ਲੈਣ ਲਈ ਪਹੁੰਚ ਰਹੇ ਹਨ ਪਰ ਅੱਗੋਂ ਡਾਕਟਰ ਨਾ ਮਿਲਣ ਕਾਰਣ ਨਿਰਾਸ਼ ਹੋ ਕੇ ਮਜਬੂਰੀ ਵੱਸ ਨਿੱਜੀ ਹਸਪਤਾਲਾਂ ਦਾ ਰੁਖ਼ ਕਰ ਰਹੇ ਹਨ। ਨਿੱਜੀ ਹਸਪਤਾਲਾਂ ’ਚੋਂ ਇਲਾਜ ਕਰਾਉਣਾ ਗਰੀਬ ਰੋਗੀਆਂ ਲਈ ਭਾਵੇਂ ਮਜਬੂਰੀ ’ਚੋਂ ਉਪਜਿਆ ਰਸਤਾ ਹੈ ਪਰ ਸਰੀਰਕ ਤਕਲੀਫ ਕਾਰਣ ਉਹ ਛਿੱਲ ਲੁਹਾਉਣ ਲਈ ਲਾਚਾਰ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਅੰਦੋਲਨਕਾਰੀ ਡਾਕਟਰਾਂ ਨੂੰ ਗਰੀਬਾਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ, ਆਪਣੇ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਕੇ, ਅੰਦੋਲਨ ਦਾ ਤਰੀਕਾ ਬਦਲ ਲੈਣਾ ਚਾਹੀਦਾ ਹੈ।
ਦੋਦਾ (ਜਸਵੀਰ ਸਿੰਘ ਭੁੱਲਰ): ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹਾਲੋਂ-ਬੇਹਾਲ ਹੋ ਗਏ ਹਨ। ਕੁਝ ਮਰੀਜ਼ਾਂ ਵੱਲੋਂ ਚਾਰ ਦਿਨਾਂ ਦੀ ਭਾਰੀ ਮੁਸ਼ਕਿਲ ਦੇ ਕਾਰਨ ਅੱਕ ਕੇ ਪ੍ਰਾਈਵੇਟ ਡਾਕਟਰਾਂ ਵੱਲੋਂ ਮੂੰਹ ਮੋੜ ਲਿਆ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਡਾਕਟਰਾਂ ਹੜਤਾਲ ਕਾਰਨ ਮਰੀਜ਼ਾਂ ਵਿਚ ਹਾਹਾਕਾਰ ਮੱਚ ਗਈ ਹੈ। ਅੱਜ ਦਵਾਈਆਂ ਵਾਲੀ ਖਿੜਕੀ ਅਤੇ ਪਰਚੀਆਂ ਵਾਲੀ ਖਿੜਕੀ ਵੀ ਬੰਦ ਰਹੀ। ਹਾਲਾਂ ਕਿ ਹਸਪਤਾਲ ਦੇ ਸੇਵਾਦਾਰ ਤੇ ਹੋਰ ਕਰਮਚਾਰੀ ਮਰੀਜ਼ਾਂ ਨੂੰ ਵਾਰ-ਵਾਰ ਦੱਸ ਰਹੇ ਸਨ ਕਿ ਅੱਜ ਡਾਕਟਰ ਸਾਰੇ ਦਿਨ ਦੀ ਹੜਤਾਲ ’ਤੇ ਹਨ ਇਸ ਲਈ ਕਿਸੇ ਮਰੀਜ਼ ਨੂੰ ਚੈਕ ਨਹੀਂ ਕਰਨਗੇ ਪਰ ਬਜ਼ੁਰਗ, ਔਰਤਾਂ ਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਏ ਮਰੀਜ਼ ਇਸ ਆਸ ਵਿੱਚ ਬੈਠੇ ਰਹੇ ਕਿ 11 ਵਜੇ ਤੋਂ ਬਾਅਦ ਤਾਂ ਡਾਕਟਰ ਵੇਖਣਗੇ ਹੀ ਪਰ ਜਦੋਂ ਕਿ ਦੁਪਹਿਰ ਤੱਕ ਕਿਸੇ ਡਾਕਟਰ ਨੇ ਚੈਕ ਨਹੀਂ ਕੀਤਾ ਤਾਂ ਉਹ ਰੋਣ-ਹਾਕੇ ਹੁੰਦੇ ਹੋਏ ਘਰਾਂ ਨੂੰ ਪਰਤਣ ਲੱਗੇ। ਊਸ਼ਾ ਰਾਣੀ, ਰੀਡ ਦੀ ਹੱਡੀ ਦੇ ਦਰਦ ਤੋਂ ਪ੍ਰੇਸ਼ਾਨ ਹੈ। ਉਹ ਬੜੀ ਮੁਸ਼ਕਲ ਨਾਲ ਆਟੋ ਕਰਵਾ ਕੇ ਹਸਪਤਾਲ ਆਈ। ਇਸੇ ਤਰ੍ਹਾਂ ਗੁਰਦਿਆਲ ਸਿੰਘ ਵੀਲ੍ਹ ਚੇਅਰ ’ਤੇ ਆਪਣੇ ਗੋਡੇ ਦਾ ਇਲਾਜ ਕਰਾਉਣ ਆਇਆ ਸੀ। ਰਾਘਵ ਆਪਣੇ ਪਿਸ਼ਾਬ ਦੇ ਬੰਨ੍ਹ ਦੇ ਇਲਾਜ ਵਾਸਤੇ ਆਇਆ ਪਰ ਕਿਸੇ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ। ਅਜਿਹੇ ਹਾਲਤਾਂ ਵਿੱਚ ਲੋਕਾਂ ਦੀ ਮੰਗ ਸੀ ਕਿ ਮਰੀਜ਼ਾਂ ਦੇ ਇਲਾਜ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਡਾਕਟਰ ਅਰਪਨ ਬਰਾੜ ਪ੍ਰਧਾਨ, ਡਾ. ਆਲਮਜੀਤ ਢਿੱਲੋਂ, ਡਾ. ਵਿਸ਼ਵਜੋਤ ਹੋਰਾਂ ਨੇ ਦੱਸਿਆ ਕਿ ਹੜਤਾਲ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਉਹ ਕੰਮ ਕਰਨ ਵਾਸਤੇ ਤਿਆਰ ਹਨ।
ਮਲੋਟ (ਲਖਵਿੰਦਰ ਸਿੰਘ): ਇਥੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਦੀ ਹੜਤਾਲ ਕਾਰਨ ਮਰੀਜਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਕਰਨਾ ਪਿਆ, ਇਸ ਦੇ ਚਲਦਿਆਂ ਕੁੱਝ ਕੁ ਮਰੀਜ ਤਾਂ ਵਾਪਸ ਘਰਾਂ ਨੂੰ ਪਰਤ ਗਏ, ਪਰ ਕੁੱਝ ਕੁ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗਾ ਇਲਾਜ ਲੈਣ ਲਈ ਮਜਬੂਰ ਹੋਣਾ ਪਿਆ।
ਡਾਕਟਰ ਹੜਤਾਲ ਦੇ ਫੈਸਲੇ ’ਤੇ ਮੁੜ ਗੌਰ ਕਰਨ: ਗਰਗ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਆਪ ਦੇ ਸੀਨੀਅਰ ਤਰਜ਼ਮਾਨ ਨੀਲ ਗਰਗ ਨੇ ਕਿਹਾ ਕਿ ਸਰਕਾਰ ਡਾਕਟਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਰਾਜ ਵਿੱਚ ਸਿਹਤ ਪ੍ਰਣਾਲੀ ਨੂੰ ਲਗਾਤਾਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਯਤਨਸ਼ੀਲ ਹੈ। ਉਨ੍ਹਾਂਕਿਹਾ ਕਿ ਉਹ ਡਾਕਟਰਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹਨ ਅਤੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਾਂ। ਇਸ ਲਈ ਸਿਹਤ ਸਕੱਤਰ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਤਿੰਨ ਮਹੀਨਿਆਂ ਦੇ ਅੰਦਰ ਹੱਲ ਲੱਭਣ ਲਈ ਰੋਡਮੈਪ ਤਿਆਰ ਕਰੇਗੀ। ਗਰਗ ਨੇ ਕਿਹਾ ਕਿ ‘ਸਾਨੂੰ ਆਪਣੇ ਮਾਣਯੋਗ ਡਾਕਟਰਾਂ ਤੋਂ ਉਮੀਦ ਹੈ ਕਿ ਉਹ ਆਪਣੀ ਹੜਤਾਲ ਉੱਤੇ ਮੁੜ ਵਿਚਾਰ ਕਰਨਗੇ, ਕਿਉਂਕਿ ਇਸ ਨਾਲ ਹਸਪਤਾਲਾਂ ਵਿੱਚ ਆ ਰਹੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਉਨ੍ਹਾਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਪਹਿਲਾਂ ਹੀ 1,940 ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ 31 ਅਕਤੂਬਰ ਤੱਕ ਪੂਰੀ ਹੋ ਜਾਏਗੀ।
ਸਰਕਾਰ ਨੂੰ ਨਹੀਂ ਲੱਭ ਰਿਹਾ ਬਲਦਵਾਂ ਪ੍ਰਬੰਧ
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੇ ਸਰਕਾਰੀ ਹਸਪਤਾਲ ਵਿਚ ਅੱਜ ਓਪੀਡੀ ਸੇਵਾਵਾਂ ਸਾਰਾ ਦਿਨ ਬੰਦ ਰੱਖੀਆਂ ਗਈਆਂ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਨੁਸਾਰ ਅੱਜ ਤੋਂ ਡਾਕਟਰ ਕਿਸੇ ਵੀ ਤਰ੍ਹਾਂ ਮੈਡੀਕਲ ਸਰਟੀਫਿਕੇਟ, ਡਰਾਈਵਿੰਗ ਲਾਈਸੈਂਸ ਅਤੇ ਨੌਕਰੀ ਲਈ ਮੈਡੀਕਲ ਸਰਟੀਫਿਕੇਟ ਵੀ ਨਹੀਂ ਬਣਾਉਣਗੇ। ਦੂਜੇ ਪੜਾਅ ਦੀ ਇਹ ਹੜਤਾਲ 15 ਸਤੰਬਰ ਤੱਕ ਚੱਲੇਗੀ। ਭਾਵੇਂ ਅਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ ਹੈ ਪਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਵੰਨੀਓ ਮਰੀਜ਼ਾਂ ਲਈ ਬੂਹੇ ਬੰਦ ਹੋ ਗਏ ਹਨ ਤੇ ਸਰਕਾਰ ਕੋਲ ਕੋਈ ਬਦਲਵਾਂ ਪ੍ਰਬੰਧ ਵੀ ਨਜ਼ਰ ਨਹੀਂ ਆ ਰਿਹਾ। ਮਾਨਸਾ ਜ਼ਿਲ੍ਹੇ ਭਰ ਦੇ ਸਬ-ਡਵੀਜਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਓ.ਪੀ.ਡੀ ਸੇਵਾਵਾਂ ਸਾਰੇ ਦਿਨ ਲਈ ਬੰਦ ਰੱਖੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਡਾ. ਗੁਰਜੀਵਨ ਸਿੰਘ ਨੇ ਕਿਹਾ ਕਿ 16 ਨੂੰ ਜੇਕਰ ਨੌਬਤ ਆਈ ਤਾਂ ਉਹ ਹਰ ਤਰ੍ਹਾਂ ਦੀਆਂ ਮੈਡੀਕਲ ਲੀਗਲ ਸੇਵਾਵਾਂ ਛੱਡਣ ਲਈ ਮਜਬੂਰ ਹੋਣਗੇ।