ਸਿਰਸਾ (ਪ੍ਰਭੂ ਦਿਆਲ):
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਨੂੰ ਜਾਣ ਵਾਲੇ ਰਾਹ ਤਕਰੀਬਨ ਪੂਰਾ ਸਾਲ ਬੰਦ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਕੀਤੇ ਗਏ ਐਲਾਨ ਮਗਰੋਂ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ਤੇ ਇਹ ਸੜਕਾਂ ਆਮ ਲੋਕਾਂ ਲਈ ਆਉਣ ਜਾਣ ਲਈ ਖੁੱਲ੍ਹ ਗਈਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਪੁਲੀਸ ਵੱਲੋਂ ਬਾਬਾ ਭੂਮਣ ਸ਼ਾਹ ਚੌਕ ’ਤੇ ਬੈਰੀਕੇਡ ਲਾਏ ਗਏ ਸਨ ਅਤੇ ਕਿਸਾਨਾਂ ਨੂੰ ਇਸ ਤੋਂ ਅੱਗੇ ਟੱਪਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸਨ। ਉਸ ਦਿਨ ਤੋਂ ਲਾਏ ਗਏ ਬੈਰੀਕੇਡ ਹੁਣ ਪਿਛਲੇ ਦਿਨੀਂ ਪੁਲੀਸ ਵੱਲੋਂ ਹਟਾਏ ਗਏ ਹਨ। ਇਸੇ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਦੁਸ਼ਿਅੰਤ ਚੌਟਾਲਾ ਦੀ ਕੋਠੀ ਨੇੜੇ ਪੱਕਾ ਮੋਰਚਾ ਲਾ ਦਿੱਤਾ ਜੋ ਪੂਰਾ ਸਾਲ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਤੇ ਜਜਪਾ ਨੇਤਾਵਾਂ ਨੂੰ ਕਾਲੇ ਝੰਡੇ ਦਿਖਾਉਣ ਤੇ ਉਨ੍ਹਾਂ ਦਾ ਜਨਤਕ ਵਿਰੋਧ ਕਰਨ ਦਾ ਸਿਲਸਿਲਾ ਪੂਰਾ ਸਾਲ ਜਾਰੀ ਰਿਹਾ।