ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਅਗਸਤ
ਕੈਪਟਨ ਸਰਕਾਰ ਨੇ ਹੋਂਦ ਵਿੱਚ ਆਉਂਦਿਆਂ ਹੀ ਟਰੱਕ ਯੂਨੀਅਨਾਂ ਦਾ ਭੋਗ ਪਾ ਦਿੱਤਾ ਸੀ ਪਰ ਮੁਕਤਸਰ ਦੀ ਟਰੱਕ ਯੂਨੀਅਨ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੋਣ ਕਰਕੇ ਇਸ ਦਾ ਵਿਵਾਦ ਸਮੇਂ-ਸਮੇਂ ‘ਤੇ ਖੜ੍ਹਾ ਹੁੰਦਾ ਰਹਿੰਦਾ ਹੈ। ਇਸ ਕਾਰਨ ਅਦਾਲਤ ਵੱਲੋਂ ਇੱਥੇ ਧਾਰਾ 145 ਦੇ ਆਦੇਸ਼ ਲਾਗੂ ਕਰਦਿਆਂ ਕਿਸੇ ਵੀ ਵਿਅਕਤੀ ਦੇ ਦਖਲ ਦੀ ਮਨਾਹੀ ਕੀਤੀ ਗਈ ਹੈ ਪਰ ਅੱਜ ਕੁਝ ਵਿਅਕਤੀਆਂ ਨੇ ਯੂਨੀਅਨ ਦਫਤਰ ਦੇ ਜਿੰਦੇ ਭੰਨ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਪ੍ਰਕਾਸ਼ ਕਰ ਦਿੱਤਾ। ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਪਤਾ ਲੱਗਣ ’ਤੇ ਉਨ੍ਹਾਂ ਹਾਲ ਦੀ ਘੜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਚ ਬੈਠੇ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਅਕਤੀ ਦੇ ਦਾਖਲੇ ਦੀ ਮਨਾਹੀ ਕਰਦਿਆਂ ਉੱਥੇ ਪੁਲੀਸ ਦਾ ਪਹਿਰਾ ਬਿਠਾ ਦਿੱਤਾ ਹੈ। ਥਾਣਾ ਸਿਟੀ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਨਿਰਭੈ ਸਿੰਘ ਗੋਨੇਆਣਾ ਤੇ ਬਲਜੀਤ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੇ ਬਿਨਾਂ ਯੂਨੀਅਨ ਦੇ ਜਿੰਦੇ ਤੋੜਕੇ ਉੱਥੇ ਅਖੰਡ ਪਾਠ ਪ੍ਰਕਾਸ਼ ਕਰਵਾ ਦਿੱਤਾ ਪਰ ਦਫਾ 145 ਲੱਗੀ ਹੋਣ ਕਰਕੇ ਉੱਥੇ ਆਮ ਆਦਮੀ ਦੇ ਦਾਖਲੇ ਦੀ ਮਨਾਹੀ ਹੈ। ਇਸ ਦੌਰਾਨ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ਯੂਨੀਅਨ ਵਿਖੇ ਧਾਰਾ 145 ਲੱਗੀ ਹੋਈ ਹੈ ਇਸ ਲਈ ਉਹ ਧਾਰਾ ਤੋੜਣ ਸਬੰਧੀ ਰਿਪੋਰਟ ਜਲਦੀ ਹੀ ਤਿਆਰ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਦੇ ਦੇਣਗੇ।